ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਕਠੂਆ ਵਿੱਚ ਨਾਬਾਲਿਗ ਬੱਚੀ ਨਾਲ ਬਲਾਤਕਾਰ ਕਾਂਡ ’ਤੇ ਮੱਧ ਪ੍ਰਦੇਸ਼ ਦੇ ਖੰਡਵਾ ਤੋਂ ਸੰਸਦ ਮੈਂਬਰ ਨੰਦ ਕੁਮਾਰ ਸਿੰਘ ਚੌਹਾਨ ਨੇ ਕਿਹਾ ਕਿ ਕਸ਼ਮੀਰ ਵਿੱਚ ਵਾਪਰੀ ਘਟਨਾ ਪਿੱਛੇ ਪਾਕਿਸਤਾਨ ਦਾ ਹੱਥ ਹੈ।   ਨੰਦ ਕੁਮਾਰ ਸਿੰਘ ਚੌਹਾਨ ਮੁਤਾਬਕ ਪਾਕਿਸਤਾਨ ਨੇ ਭਾਰਤ ਵਿੱਚ ਫੁੱਟ ਪਾਉਣ ਲਈ ਦੋਸ਼ੀ ਦੇ ਸਮਰਥਨ ’ਚ ਜੈ ਸ੍ਰੀ ਰਾਮ ਦੇ ਨਾਅਰੇ ਲਗਵਾਏ ਹਨ। ਉਸ ਨੇ ਕਿਹਾ ਕਿ ਜੇ ਲੜਕੀ ਨਾਲ ਬਲਾਤਕਾਰ ’ਤੇ ਜੈ ਸ੍ਰੀ ਰਾਮ ਦੇ ਨਾਅਰੇ ਲਾਏ ਗਏ ਤਾਂ ਇਹ ਕੰਮ ਪਾਕਿਸਤਾਨੀ ਏਜੰਟਾਂ ਨੇ ਕੀਤਾ ਹੋਏਗਾ ਜੋ ਸਾਡੇ ਵਿੱਚ ਮਤਭੇਦ ਪੈਦਾ ਕਰਨਾ ਚਾਹੁੰਦੇ ਹਨ। ਨਾਬਾਲਿਗ ਨਾਲ ਬਲਾਤਕਾਰ ਕਰਨ ’ਤੇ ਮੌਤ ਦੀ ਸਜ਼ਾ ਦਾ ਕਾਨੂੰਨ ਲਿਆਏਗੀ ਮੁਫਤੀ ਸਰਕਾਰ ਕਠੂਆ ਮਾਮਲੇ ’ਚ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨਾ ਕਿਹਾ ਕਿ ਉਹ ਨਾਬਾਲਿਗ ਨਾਲ ਬਲਾਤਕਾਰ ਕਰਨ ਵਾਲਿਆਂ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਲਿਆਉਣਗੇ। ਇਹ ਜਾਣਕਾਰੀ ਉਨ੍ਹਾਂ ਇੱਕ ਟਵੀਟ ਜ਼ਰੀਏ  ਦਿੱਤੀ। ਬਾਰ ਐਸੋਸੀਏਸ਼ਨ ਵੱਲੋਂ ਸੀਬੀਆਈ ਜਾਂਚ ਦੀ ਮੰਗ ਜੰਮੂ ਬਾਰ ਐਸੋਸੀਏਸ਼ਨ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਕਹਿਣਾ ਹੈ ਕਿ ਅਪਰਾਧ ਸ਼ਾਖਾ ਦੀ ਜਾਂਚ ਤੋਂ ਬੱਚੀ ਨੂੰ ਇਨਸਾਫ਼ ਨਹੀਂ ਮਿਲੇਗਾ। ਐਸੋਸੀਏਸ਼ਨ ਨੇ ਮੁੱਖ ਮੰਤਰੀ ਮਹਿਬੂਬਾ ਮੁਫਤੀ ’ਤੇ ਹਿੰਦੂਆਂ ਨੂੰ ਫਸਾਉਣ ਦਾ ਦੋਸ਼ ਵੀ ਲਾਇਆ। ਜ਼ਿਕਰਯੋਗ ਹੈ ਕਿ ਕਠੂਆ ਬਲਾਤਕਾਰ ਮਾਮਲੇ ’ਚ ਹੁਣ ਤਕ ਦੋ ਸਪੈਸ਼ਲ ਪੁਲਿਸ ਅਫ਼ਸਰ, ਇੱਕ ਸਬ ਇੰਸਪੈਕਟਰ ਤੇ ਇੱਕ ਹੈਡ ਕਾਂਸਟੇਬਲ ਸਮੇਤ 8 ਜਣੇ ਗ੍ਰਿਫ਼ਤਾਰ ਹਨ। ਗ੍ਰਿਫ਼ਤਾਰ ਸਾਰੇ ਮੁਲਜ਼ਮ ਹਿੰਦੂ ਤਬਕੇ ਨਾਲ ਸਬੰਧਿਤ ਹਨ ਜਿਨ੍ਹਾਂ ਦਾ ਪੱਖ ਪੂਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਰੋਹਿੰਗਿਆ ਸ਼ਰਨਾਰਥੀਆਂ ਨੇ ਬੱਚੀ ਨਾਲ ਗੈਂਗਰੇਪ ਕਰ ਕੇ ਉਸ ਦਾ ਕਤਲ ਕੀਤਾ ਹੈ।