ਔਰਤਾਂ ਦੀ ਸੁਰੱਖਿਆ ਲੀਰੋ-ਲੀਰ ਹੋਣ 'ਤੇ ਰਾਹੁਲ ਨੇ ਖੋਲ੍ਹਿਆ ਮੋਦੀ ਸਰਕਾਰ ਖਿਲਾਫ ਮੋਰਚਾ
ਏਬੀਪੀ ਸਾਂਝਾ | 13 Apr 2018 12:38 PM (IST)
ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਉਨਾਵ ਤੇ ਕਠੂਆ ਸਮੂਹਿਕ ਬਲਾਤਕਾਰ ਕਾਂਡ ਖ਼ਿਲਾਫ਼ ਪ੍ਰਧਾਨ ਮੰਤਰੀ ’ਤੇ ਵੱਡਾ ਹਮਲਾ ਕਰਦਿਆਂ ਦਿੱਲੀ ਦੇ 24 ਅਕਬਰ ਰੋਡ ਤੋਂ ਇੰਡੀਆ ਗੇਟ ਤਕ ਕੈਂਡਲ ਮਾਰਚ ਕੱਢਿਆ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ’ਚ ਆਮ ਲੋਕ ਤੇ ਸਮਰਥਕ ਵੀ ਹਾਜ਼ਰ ਸਨ। ਮਾਰਚ ਦੌਰਾਨ ਰਾਹੁਲ ਨੇ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਸੁਰੱਖਿਆ ਦੇਣ ਦੇ ਮਾਮਲੇ ’ਚ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ। ਇਸ ਮਾਰਚ ਵਿੱਚ ਰਾਹੁਲ ਨਾਲ ਪ੍ਰਿਅੰਕਾ ਗਾਂਧੀ, ਰੌਬਰਟ ਵਾਡਰਾ, ਅਸ਼ੋਕ ਗਹਿਲੋਤ, ਅਹਿਮਦ ਪਟੇਲ ਤੇ ਰਣਦੀਪ ਸੁਰਜੇਵਾਲਾ ਸਮੇਤ ਕਾਂਗਰਸ ਦੇ ਕਈ ਹੋਰ ਦਿੱਗਜ ਨੇਤਾ ਸ਼ਾਮਲ ਹੋਏ। ਮਾਰਚ ਦੌਰਾਨ ਥੋੜੀ ਹਫੜਾ-ਦਫੜੀ ਵੇਖਣ ਨੂੰ ਵੀ ਮਿਲੀ। ਮਾਰਚ ਦੌਰਾਨ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਦਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਤਾਂ ਠੀਕ ਹੈ ਪਰ ਇਸ ਸਮੇਂ ਸਭ ਤੋਂ ਜ਼ਿਆਦਾ ਹਮਲੇ ਬੇਟੀਆਂ ’ਤੇ ਹੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਬਕ ਸਿਖਾਉਣ ਲਈ ਮੋਦੀ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਮਾਰਚ ਤੋਂ ਪਹਿਲਾਂ ਰਾਹੁਲ ਨੇ ਨਿਆਂ ਦੀ ਮੰਗ ਲਈ ਕਾਂਗਰਸ ਵਰਕਰਾਂ ਨੂੰ ਟਵੀਟ ਜ਼ਰੀਏ ਸ਼ਾਂਤੀਪੂਰਵਕ ਕੈਂਡਲ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। 1 7 ਅਪ੍ਰੈਲ ਨੂੰ ਕਾਲਾ ਦਿਨ ਮਨਾਏਗੀ ਕਾਂਗਰਸ ਉਨਾਵ-ਕਠੁਆ ਕਾਂਡ ਖ਼ਿਲਾਫ਼ ਮਹਿਲਾ ਕਾਂਗਰਸ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਵਿਰੋਧ ਪ੍ਰਦਰਸ਼ਨ ਕੀਤਾ ਸੀ। ਹੁਣ ਕਾਂਗਰਸ ਨੇ ਦੇਸ਼ ਭਰ ਵਿੱਚ 17 ਅਪ੍ਰੈਲ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।