Rakesh Tikait On Ajay Mishra: ਕਿਸਾਨਾਂ ਦੇ ਅਲਟੀਮੇਟਮ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਟੈਨੀ ਨੇ ਲਖੀਮਪੁਰ ਵਿੱਚ ਖੰਡ ਮਿੱਲ ਦੇ ਉਦਘਾਟਨ ਸਮਾਰੋਹ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਟੇਨੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ 'ਟੇਨੀ' ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।


ਖੰਡ ਮਿੱਲ ਦੇ ਪ੍ਰਸਤਾਵਿਤ ਉਦਘਾਟਨ ਦਾ ਜ਼ਿਕਰ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਜੇਕਰ ਟੇਨੀ (ਅਜੈ ਮਿਸ਼ਰਾ) ਖੰਡ ਮਿੱਲ ਦਾ ਉਦਘਾਟਨ ਕਰਨ ਆਉਂਦੇ ਹਨ ਤਾਂ ਉਸ ਖੰਡ ਮਿੱਲ 'ਚ ਕੋਈ ਗੰਨਾ ਨਹੀਂ ਲਿਜਾਇਆ ਜਾਵੇਗਾ। ਸਗੋਂ ਕਿਸਾਨ ਗੰਨਾ ਲੈ ਕੇ ਜਿਲ੍ਹਾ ਮੈਜਿਸਟਰੇਟ ਦੇ ਦਫਤਰ ਜਾਣਗੇ, ਚਾਹੇ ਉਨ੍ਹਾਂ ਨੂੰ ਕਿੰਨਾ ਵੀ ਨੁਕਸਾਨ ਝੱਲਣਾ ਪਵੇ।

ਅਜੇ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਜਾਵੇ
ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਲਖੀਮਪੁਰ ਖੇੜੀ ਹਿੰਸਾ 'ਚ ਚਾਰ ਕਿਸਾਨਾਂ ਦੀ ਮੌਤ ਦੇ ਮਾਮਲੇ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ 'ਟੇਨੀ' ਦੀ ਗ੍ਰਿਫਤਾਰੀ ਦੀ ਮੰਗ ਕੀਤੀ ਤੇ ਉਨ੍ਹਾਂ ਦੀ ਤੁਲਨਾ 'ਅੱਤਵਾਦੀ' ਨਾਲ ਕੀਤੀ। ਲਖਨਊ ਦੇ ਈਕੋ-ਗਾਰਡਨ 'ਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਕਸ਼ਮੀਰ ਦੇ ਅੱਤਵਾਦੀਆਂ ਨੂੰ ਆਗਰਾ ਜੇਲ 'ਚ ਬੰਦ ਕੀਤਾ ਜਾ ਸਕਦਾ ਹੈ ਤਾਂ ਕਿਸਾਨਾਂ ਦਾ ਕਾਤਲ ਵੀ ਅੱਤਵਾਦੀ ਹੈ ਤੇ ਉਸ ਨੂੰ ਵੀ ਆਗਰਾ ਜੇਲ ਜਾਣਾ ਚਾਹੀਦਾ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਟੇਨੀ ਦੀ ਗ੍ਰਿਫਤਾਰੀ ਸਾਡੇ ਮੁੱਖ ਮੁੱਦਿਆਂ 'ਚੋਂ ਇਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦਸੰਬਰ ਤੋਂ ਬਾਅਦ ਉਹ ਤਿੰਨ ਦਿਨ ਲਖੀਮਪੁਰ ਖੇੜੀ 'ਚ ਰਹਿਣਗੇ, 3 ਅਕਤੂਬਰ ਨੂੰ ਲਖੀਮਪੁਰ ਖੇੜੀ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਉਨ੍ਹਾਂ ਕਿਸਾਨਾਂ ਨੂੰ ਵੀ ਮਿਲਣਗੇ ਜੋ ਜੇਲ੍ਹ ਵਿੱਚ ਹਨ।

ਲਖੀਮਪੁਰ ਖੇੜੀ ਵਿੱਚ ਕੀ ਹੋਇਆ ਸੀ
ਦੱਸ ਦੇਈਏ ਕਿ ਲਖੀਮਪੁਰ ਖੇੜੀ ਵਿੱਚ 3 ਅਕਤੂਬਰ ਨੂੰ ਹਿੰਸਾ ਹੋਈ ਸੀ। ਕਿਸਾਨ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ ਕਿਸਾਨਾਂ 'ਤੇ ਗੱਡੀਆਂ ਚੜ੍ਹਾਈਆਂ ਗਈਆਂ। ਇਸ ਮਾਮਲੇ 'ਚ ਅਜੇ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਦੋਸ਼ੀ ਬਣਾਇਆ ਗਿਆ ਸੀ। ਆਸ਼ੀਸ਼ ਮਿਸ਼ਰਾ ਇਸ ਸਮੇਂ ਜੇਲ੍ਹ ਵਿੱਚ ਹਨ। ਪਰ ਕਿਸਾਨ ਹੁਣ ਟੇਨੀ ਦੇ ਅਸਤੀਫੇ 'ਤੇ ਅੜੇ ਹੋਏ ਹਨ।