ਨਵੀਂ ਦਿੱਲੀ: ਕਰਤਾਰਪੁਰ ਲਾਂਘਾ ਖੁੱਲ੍ਹਣ ਬਾਰੇ ਪਾਕਿਸਤਾਨ ਦੀ ਪਹਿਲਕਦਮੀ ਦਾ ਧੰਨਵਾਦ ਕਰਨ 'ਤੇ ਵੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਘੇਰ ਲਿਆ ਹੈ। ਬੀਜੇਪੀ ਨੇ ਕਿਹਾ ਹੈ ਕਿ ਸਿੱਧੂ ਨੇ ਪਾਕਿਸਤਾਨ ਦਾ ਧੰਨਵਾਦ ਕਰਕੇ ਭਾਰਤ ਦੀ ਬੇਇੱਜ਼ਤੀ ਕੀਤੀ ਹੈ।
ਭਾਜਪਾ ਦੇ ਬੁਲਾਰੇ ਸਈਅਦ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਇੱਕ ਪਾਸੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਭਾਰਤ ਵਿਰੁੱਧ 'ਖ਼ੂਨ ਕਾ ਬਦਲਾ ਖ਼ੂਨ' ਨਾਅਰਾ ਲਾਉਂਦੇ ਹਨ ਦੂਜੇ ਪਾਸੇ ਕਾਂਗਰਸ ਦਾ ਨੇਤਾ (ਨਵਜੋਤ ਸਿੰਘ ਸਿੱਧੂ) ਪਾਕਿਸਤਾਨ ਦਾ ਧੰਨਵਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸੀ ਲੀਡਰ ਹੈ ਤੇ ਉਸ ਦੇ ਬਿਆਨ ਨੂੰ ਉਸ ਦੀ ਪਾਰਟੀ ਦੀ ਵਿਚਾਰਧਾਰਾ ਵਜੋਂ ਸਮਝਿਆ ਜਾਵੇਗਾ।
ਭਾਜਪਾ ਦੇ ਬੁਲਾਰੇ ਕਿਹਾ ਕਿ ਸਿੱਧੂ ਤੇ ਕਾਂਗਰਸ ਇਸ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨ ਨਹੀਂ ਤਾਂ ਇਸ ਬਾਰੇ ਰਾਹੁਲ ਗਾਂਧੀ ਦੀ ਸਹਿਮਤੀ ਵੀ ਸਮਝੀ ਜਾਵੇਗੀ। ਹੁਸੈਨ ਨੇ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਦੀ ਆਦਤ ਹੋ ਗਈ ਹੈ ਕਿ ਭਾਰਤ ਤੇ ਇਸ ਦੇ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਕਰੋ ਅਤੇ ਪਾਕਿਸਤਾਨ ਤੇ ਉਸ ਦੇ ਲੀਡਰਾਂ ਦੀ ਸ਼ਲਾਘਾ ਕਰੋ।