ਨਵੀਂ ਦਿੱਲੀ: ਕੇਂਦਰ ਵਿੱਚ ਦੂਜੀ ਵਾਰ ਮੋਦੀ ਸਰਕਾਰ ਬਣਨ ਮਗਰੋਂ ਬੀਜੇਪੀ ਦੇ ਲੀਡਰ ਹਿੰਸਕ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਹਰ ਮਸਲੇ ਦਾ ਹੱਲ ਗੋਲੀ ਨਾਲ ਹੁੰਦਾ ਨਜ਼ਰ ਆ ਰਿਹਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਦਿਆਂ ਬੀਜੇਪੀ ਲੀਡਰ ਅੱਗ ਉਗਲ ਰਹੇ ਹਨ। ਦੂਜੇ ਪਾਸੇ ਭੜਕਾਊ ਭਾਸ਼ਨਾਂ ਦੇ ਅਸਰ ਕਰਕੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ 'ਤੇ ਰੋਜ਼ਾਨਾ ਫਾਇਰਿੰਗ ਹੋ ਰਹੀ ਹੈ।


ਦੱਸ ਦਈਏ ਕਿ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਮਗਰੋਂ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ‘ਗੋਲੀ ਦੀ ਵਰਤੋਂ’ ਨੂੰ ਹੱਲਾਸ਼ੇਰੀ ਦਿੱਤੀ ਹੈ। ਦਿੱਲੀ ਚੋਣਾਂ ਲਈ ਭਾਜਪਾ ਦੇ ਸਟਾਰ ਪ੍ਰਚਾਰਕ ਯੋਗੀ ਨੇ ਕਿਹਾ, ‘ਅਸੀਂ ਕਿਸੇ ਦੂਜੇ ਦੇ ਤਿਉਹਾਰ ਜਾਂ ਅਕੀਦੇ ਵਿੱਚ ਦਖ਼ਲ ਨਹੀਂ ਦਿੰਦੇ। ਹਰ ਕਿਸੇ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਤਿਉਹਾਰ ਮਨਾਉਣ ਦੀ ਖੁੱਲ੍ਹ ਹੈ। ਪਰ ਜਿਹੜਾ ਸ਼ਿਵ ਭਗਤਾਂ (ਕਾਂਵੜੀਆਂ) ’ਤੇ ਗੋਲੀ ਚਲਾਏਗਾ, ਦੰਗਾ ਕਰਵਾਏਗਾ, ਬੋਲੀ (ਗੱਲਬਾਤ) ਨਾਲ ਨਾ ਮੰਨਿਆ ਤਾਂ ਗੋਲੀ ਨਾਲ ਤਾਂ ਮੰਨ ਹੀ ਜਾਵੇਗਾ।’

ਉਧਰ, ਆਮ ਆਦਮੀ ਪਾਰਟੀ ਨੇ ਯੋਗੀ ਆਦਿੱਤਿਆਨਾਥ ਵੱਲੋਂ ਦਿੱਤੇ ਵਿਵਾਦਤ ਬਿਆਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪਾਰਟੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਯੋਗੀ ਆਦਿੱਤਿਅਨਾਥ ਦੇ ਦਿੱਲੀ ਵਿੱਚ ਚੋਣ ਪ੍ਰਚਾਰ ’ਤੇ ਤੁਰੰਤ ਰੋਕ ਲਾਉਣ ਤੇ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ ਚੋਣ ਕਮਿਸ਼ਨ ਤੋਂ ਮਿਲਣ ਦਾ ਸਮਾਂ ਵੀ ਮੰਗਿਆ ਹੈ।