ਨਵੀਂ ਦਿੱਲੀ: ਕਰਨਾਟਕ 'ਚ ਸਰਕਾਰ ਬਣਾਉਣ ਦਾ ਰੇੜਕਾ ਬਰਕਰਾਰ ਹੈ। ਸੁਪਰੀਮ ਕੋਰਟ ਨੇ ਕੱਲ੍ਹ ਸ਼ਾਮ ਚਾਰ ਵਜੇ ਬਹੁਮਤ ਸਾਬਤ ਕਰਨ ਦਾ ਫੈਸਲਾ ਸੁਣਾਇਆ ਹੈ। ਪਹਿਲਾਂ ਰਾਜਪਾਲ ਨੇ ਯੇਦਯੁਰੱਪਾ ਨੂੰ ਬਹੁਮਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਸੀ। ਇਸ ਬਾਰੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਬੀਜੇਪੀ ਦਾ ਨਾਂ ਲਏ ਬਿਨਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਇਹ ਆਪਣੇ ਪੈਸੇ ਤੇ ਤਾਕਤ ਦੇ ਦਮ 'ਤੇ ਸਿਆਸਤ ਕਰਨਗੇ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਨੇ ਸਾਬਤ ਕਰ ਦਿੱਤਾ ਹੈ ਕਿ ਰਾਜਪਾਲ ਵਜੂਭਾਈ ਵਾਲਾ ਨੇ ਗੈਰ ਸੰਵਿਧਾਨਕ ਕੰਮ ਕੀਤਾ ਹੈ। ਰਾਹੁਲ ਨੇ ਕਿਹਾ ਕਿ ਕੋਰਟ ਵੱਲੋਂ ਬੀਜੇਪੀ ਦੀ ਸਰਕਾਰ ਬਣਾਏ ਜਾਣ 'ਤੇ ਰੋਕ ਲਾਉਣ ਤੋਂ ਬਾਅਦ ਹੁਣ ਬੀਜੇਪੀ ਪੈਸੇ ਤੇ ਤਾਕਤ ਦੀ ਵਰਤੋਂ ਕਰੇਗੀ।
ਕੋਰਟ ਦੇ ਫੈਸਲੇ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਰਾਜਪਾਲ ਨੇ ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਸਿਰਫ ਕਰਨਾਟਕ ਹੀ ਨਹੀਂ ਸਗੋਂ ਗੋਆ, ਮਣੀਪੁਰ ਤੇ ਮੇਘਾਲਿਆ ਜਿਹੇ ਰਾਜਾਂ 'ਚ ਵੀ ਹੋਇਆ ਹੈ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਯੇਦਯੁਰੱਪਾ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਕੱਲ੍ਹ ਹਰ ਹਾਲ 'ਚ 100 ਫੀਸਦੀ ਬਹੁਮਤ ਸਾਬਤ ਕਰਕੇ ਰਹਿਣਗੇ।
ਉੱਧਰ ਕਾਂਗਰਸ ਤੇ ਜੇਡੀਐਸ ਦੇ ਕਈ ਵਿਧਾਇਕਾਂ ਵੱਲੋਂ ਬੀਜੇਪੀ ਨੂੰ ਸਮਰਥਨ ਦਿੱਤੇ ਜਾਣ ਦੀਆਂ ਵੀ ਕਿਆਸਰਾਈਆਂ ਹਨ। ਇਸ ਦੇ ਚੱਲਦਿਆਂ ਕਾਂਗਰਸ ਦੇ 8, ਜੇਡੀਐਸ ਦੇ 2 ਜਦਕਿ ਬਾਕੀ 2 ਵਿਧਾਇਕਾਂ ਸਣੇ ਕੁੱਲ 12 ਵਿਧਾਇਕ ਬੀਜੇਪੀ ਦੇ ਸੰਪਰਕ 'ਚ ਦੱਸੇ ਜਾ ਰਹੇ ਹਨ।