ਭੁਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਵਿੱਚ ਬੀਜੇਪੀ ਕਾਰਕੁਨਾਂ ਨੂੰ ਉਸ ਸਮੇਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਜਦ ਉਹ ਕੌਮੀ ਗੀਤ ਵੰਦੇ ਮਾਤਰਮ ਲਈ ਇਕੱਠੇ ਹੋਏ ਪਰ ਬੋਲ ਹੀ ਭੁੱਲ ਗਏ। ਰਾਸ਼ਟਰੀ ਗੀਤ ਦੇ ਯਾਦ ਨਾ ਹੋਣ ਤੋਂ ਬਾਅਦ ਬੀਜੇਪੀ ਨੇਤਾ ਨਾਅਰੇ ਲਾਉਣ ਲੱਗੇ ਕਿ ਇਸ ਦੇਸ਼ 'ਚ ਰਹਿਣਾ ਹੈ ਤਾਂ ਭਾਰਤ ਮਾਤਾ ਕਹਿਣਾ ਹੋਵੇਗਾ।
ਬੁੱਧਵਾਰ ਨੂੰ ਭੁਪਾਲ ਦੇ ਵੱਲਭ ਭਾਈ ਪਟੇਲ ਪਾਰਕ ਵਿੱਚ ਰਾਸ਼ਟਰੀ ਗੀਤ ਗਾਉਣ ਦਾ ਸਮਾਗਮ ਰੱਖਿਆ ਗਿਆ ਸੀ। ਸਮਾਗਮ ਵਿੱਚ ਹਾਜ਼ਰ ਕੁਝ ਹੀ ਨੇਤਾਵਾਂ ਨੂੰ ਵੰਦੇ ਮਾਤਰਮ ਪੂਰਾ ਯਾਦ ਸੀ। ਨੇਤਾਵਾਂ ਨੇ ਕਿਹਾ ਕਿ ਲੋਕਾਂ ਨਾਲ ਮਿਲ ਕੇ ਹੀ ਇਹ ਗਾਇਆ ਜਾ ਸਕਦਾ ਹੈ ਤੇ ਇਕੱਲੇ ਗਾਉਣ ਵਿੱਚ ਮੁਸ਼ਕਲ ਆਉਂਦੀ ਹੈ।
ਦਰਅਸਲ, ਸਾਲ 2005 ਤੋਂ ਸੂਬੇ ਦੇ ਮੰਤਰਾਲਿਆਂ ਦੇ ਬਾਹਰ ਸਾਰੇ ਕਰਮਚਾਰੀ ਮਹੀਨੇ ਦੇ ਪਹਿਲੇ ਕੰਮਕਾਜ ਵਾਲੇ ਦਿਨ ਇਕੱਠੇ ਹੋ ਕੇ ਵੰਦੇ ਮਾਤਰਮ ਦਾ ਗਾਇਨ ਕਰਦੇ ਸਨ ਪਰ ਕਮਲ ਨਾਥ ਸਰਕਾਰ ਨੇ ਇਸ ਨੂੰ ਬੰਦ ਕਰਵਾ ਦਿੱਤਾ ਸੀ, ਜਿਸ 'ਤੇ ਸਿਆਸੀ ਜੰਗ ਸ਼ੁਰੂ ਹੋ ਗਈ।
ਕਮਲ ਨਾਥ ਸਰਕਾਰ ਦੇ ਇਸ ਫੈਸਲੇ ਵਿਰੁੱਧ ਹੀ ਬੀਜੇਪੀ ਪ੍ਰਦਰਸ਼ਨ ਕਰਨ ਆਈ ਸੀ ਪਰ ਗੀਤ ਦੇ ਬੋਲ ਭੁੱਲ ਗਈ। ਉੱਧਰ, ਮੁੱਖ ਮੰਤਰੀ ਕਮਲ ਨਾਥ ਨੇ ਵੀ ਮਾਮਲਾ ਵਿਗੜਦਾ ਦੇਖ ਅੱਗੇ ਤੋਂ ਵਾਜੇ-ਗਾਜੇ ਯਾਨੀ ਕਿ ਪੁਲਿਸ ਬੈਂਡ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਵੰਦੇ ਮਾਤਰਮ ਗਾਇਨ ਮੁੜ ਤੋਂ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।