ਚੇਨੰਈ: ਲੋਕਾਂ ਨੂੰ ਹੁਣ ਗੱਡੀਆਂ ਵਿੱਚ ਪੈਟਰੋਲ ਜਾਂ ਡੀਜ਼ਲ ਭਰਵਾਉਣ ਲਈ ਕਤਾਰਾਂ ਵਿੱਚ ਖੜ੍ਹਾ ਹੋਣ ਦੀ ਲੋੜ ਨਹੀਂ। ਤੇਲ ਕੰਪਨੀ ਇੰਡੀਅਨ ਆਇਲ ਚੇਨਈ ਵਿੱਚ ਲੋਕਾਂ ਦੀਆਂ ਗੱਡੀਆਂ ਲਈ ਤੇਲ ਉਨ੍ਹਾਂ ਦੇ ਦਰਵਾਜ਼ੇ 'ਤੇ ਮੁਹੱਈਆ ਕਰਵਾਏਗੀ। ਕੰਪਨੀ ਛੇਤੀ ਹੀ ਇਸ ਯੋਜਨਾ ਨੂੰ ਦੇਸ਼ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਲਾਗੂ ਕਰ ਦੇਵੇਗੀ, ਜਿਸ ਤਹਿਤ ਲੋਕ ਮੋਬਾਈਲ ਐਪ ਰਾਹੀਂ ਤੇਲ ਆਰਡਰ ਕਰ ਸਕਦੇ ਹਨ।
ਹਾਲਾਂਕਿ, ਕੰਪਨੀ ਨੇ ਇਹ ਯੋਜਨਾ ਸਿਰਫ਼ ਉਨ੍ਹਾਂ ਗਾਹਕਾਂ ਲਈ ਸ਼ੁਰੂ ਕੀਤੀ ਹੈ ਜੋ ਘੱਟੋ-ਘੱਟ 200 ਲੀਟਰ ਦਾ ਆਰਡਰ ਦੇਣਗੇ। ਵੱਧ ਤੋਂ ਵੱਧ 2,500 ਲੀਟਰ ਤੇਲ ਦਾ ਆਰਡਰ ਦੇਣ ਵਾਲੇ ਗਾਹਕਾਂ ਨੂੰ ਅਧਿਕਾਰਤ ਲਾਈਸੰਸ (PESO-The Petroleum and Explosives Safety Organisation) ਦੀ ਜ਼ਰੂਰਤ ਪਵੇਗੀ।
ਇੰਡੀਅਨ ਆਇਲ ਦੀ ਇਸ ਯੋਜਨਾ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ, ਜੋ ਟ੍ਰਾਂਸਪੋਰਟਰ ਹਨ ਤੇ ਆਪਣੇ ਵਾਹਨਾਂ ਲਈ ਰੋਜ਼ ਸੈਂਕੜੇ ਲੀਟਰ ਤੇਲ ਖਰੀਦਦੇ ਹਨ। ਯੋਜਨਾ ਤਹਿਤ ਅਜਿਹੇ ਲੋਕਾਂ ਨੂੰ ਵਾਰ-ਵਾਰ ਪੈਟਰੋਲ ਪੰਪ ਜਾਣ ਦੀ ਲੋੜ ਨਹੀਂ ਪਵੇਗੀ ਤੇ ਉਨ੍ਹਾਂ ਦੇ ਪੈਸੇ ਦੀ ਬਚਤ ਵੀ ਹੋਵੇਗੀ। ਇਸ ਸਕੀਮ ਨੂੰ ਕੰਪਨੀ ਨੇ 'ਡੋਰਸਟੈੱਪ ਡਿਲੀਵਰੀ ਆਫ਼ ਫਿਊਲ' ਨਾਂ ਦਿੱਤਾ ਹੈ।