ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਚੋਣ ਪ੍ਰਚਾਰ 'ਚ ਜ਼ੋਰ-ਸ਼ੋਰ ਨਾਲ ਕੁੱਦ ਗਈਆਂ ਹਨ। ਅਜਿਹੇ 'ਚ ਇਸ਼ਤਿਹਾਰਬਾਜ਼ੀ ਦਾ ਵੀ ਕਾਫੀ ਬੋਲਬਾਲਾ ਹੈ। ਸਿਆਸੀ ਪਾਰਟੀਆਂ ਆਪਣੀਆਂ ਯੋਜਨਾਵਾਂ ਤੇ ਵਿਰੋਧੀਆਂ 'ਤੇ ਵਿਅੰਗ ਕੱਸਦੇ ਇਸ਼ਤਿਹਾਰਾਂ ਜ਼ਰੀਏ ਵੀ ਚੋਣ ਪ੍ਰਚਾਰ ਕਰਦੀਆਂ ਹਨ। ਇਸ਼ਤਿਹਾਰਬਾਜ਼ੀ ਲਈ ਸਿਆਸੀ ਲੀਡਰਾਂ ਕੋਲ ਹੁਣ ਗੂਗਲ ਪਲੇਟਫਾਰਮ ਵੀ ਇੱਕ ਸੌਖਾ ਜ਼ਰੀਆ ਹੈ। ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਗੂਗਲ 'ਤੇ 19 ਫਰਵਰੀ ਤੋਂ ਹੁਣ ਤਕ 831 ਚੋਣ ਇਸ਼ਤਿਹਾਰਾਂ 'ਤੇ 3.7 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਹ ਅੰਕੜੇ 'ਗੂਗਲ ਇੰਡੀਆ ਟਰਾਂਸਪੇਰੈਂਸੀ' ਰਿਪੋਰਟ ਜ਼ਰੀਏ ਵੀਰਵਾਰ ਜਾਰੀ ਕੀਤੇ ਗਏ ਹਨ।


ਇਸ਼ਤਿਹਾਰਾਂ 'ਤੇ ਖਰਚ ਕੀਤੇ ਜਾਣ ਵਾਲੇ ਰੁਪਇਆਂ 'ਚ ਸਭ ਤੋਂ ਉੱਤੇ ਬੀਜੇਪੀ ਦਾ ਨਾਂਅ ਆਉਂਦਾ ਹੈ। ਬੀਜੇਪੀ ਨੇ 554 ਮਸ਼ਹੂਰੀਆਂ ਤੇ 1.21 ਕਰੋੜ ਰੁਪਏ ਖਰਚ ਕਰਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿਛਾਂਹ ਛੱਡ ਦਿੱਤਾ ਹੈ। ਇਸਦੇ ਉਲਟ ਬੀਜੇਪੀ ਦੇ ਮੁਕਾਬਲੇ ਕਾਂਗਰਸ ਨੇ ਇਸ਼ਤਿਹਾਰ ਵੀ ਘੱਟ ਜਾਰੀ ਕੀਤੇ ਤੇ ਖਰਚ ਵੀ ਨਾਮਾਤਰ ਹੈ।


ਬੀਜੇਪੀ ਤੋਂ ਬਾਅਦ ਦੂਜਾ ਨੰਬਰ ਵਾਈਐਸਆਰ ਕਾਂਗਰਸ ਦਾ ਆਉਂਦਾ ਹੈ। ਵਾਈ.ਐਸ ਜਗਮੋਹਨ ਰੈਡੀ ਦੀ ਅਗਵਾਈ ਵਾਲੀ ਇਸ ਪਾਰਟੀ ਵੱਲੋਂ 19 ਫਰਵਰੀ ਤੋਂ ਹੁਣ ਤਕ 107 ਇਸ਼ਤਿਹਾਰਾਂ ਤੇ 1.07 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਹੈਰਾਨੀਜਨਕ ਹੈ ਕਿ ਕਾਂਗਰਸ ਪਾਰਟੀ ਨੇ ਯੂ-ਟਿਊਬ ਸਮੇਤ 14 ਮਸ਼ਹੂਰੀਆਂ 'ਤੇ ਸਿਰਫ਼ 54,000 ਰੁਪਏ ਖਰਚੇ ਹਨ।


ਲੋਕ ਸਭਾ ਚੋਣਾਂ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਭਾਰਤ ਵਿੱਚ 11 ਅਪ੍ਰੈਲ ਤੋਂ ਸ਼ੁਰੂ ਹੋਕੇ 7 ਗੇੜਾਂ ਚ 19 ਮਈ ਤਕ ਵੋਟਾਂ ਪੈਣਗੀਆਂ। ਵੋਟਾਂ ਤੋਂ ਬਾਅਦ 23 ਮਈ ਨੂੰ ਨਤੀਜੇ ਐਲਾਨੇ ਜਾਣਗੇ। ਅਜਿਹੇ 'ਚ ਹਰ ਸਿਆਸੀ ਪਾਰਟੀ ਸੱਤਾ 'ਤੇ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ।