Gautam Adani Fraud Case: ਅਮਰੀਕੀ ਅਦਾਲਤ 'ਚ ਅਡਾਨੀ ਗਰੁੱਪ 'ਤੇ ਲਗਾਏ ਗਏ ਜੁਰਮਾਨੇ ਤੇ ਜਾਰੀ ਵਾਰੰਟ 'ਤੇ ਦੇਸ਼ 'ਚ ਹੁਣ ਭਖਵੀਂ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਇਸ ਮੁੱਦੇ 'ਤੇ ਅਡਾਨੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ਤੇ ਭਾਜਪਾ 'ਤੇ ਉਨ੍ਹਾਂ ਨੂੰ ਬਚਾਉਣ ਦਾ ਦੋਸ਼ ਲਗਾ ਰਹੇ ਹਨ।


ਰਾਹੁਲ ਤੇ ਕਾਂਗਰਸ ਵਲੋਂ ਭਾਜਪਾ 'ਤੇ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਪਾਰਟੀ ਦੇ ਬੁਲਾਰੇ ਨੇ ਕਿਹਾ ਜਾ ਰਿਹਾ ਹੈ ਕਿ ਅਡਾਨੀ ਗਰੁੱਪ ਨਾ ਸਿਰਫ ਭਾਜਪਾ ਸ਼ਾਸਤ ਰਾਜਾਂ 'ਚ ਕੰਮ ਕਰਦਾ ਹੈ, ਸਗੋਂ ਉਨ੍ਹਾਂ ਸੂਬਿਆਂ 'ਚ ਵੀ ਕੰਮ ਦਿੱਤਾ ਜਾ ਰਿਹਾ ਹੈ, ਜਿੱਥੇ ਵਿਰੋਧੀ ਧਿਰ ਦੀ ਸਰਕਾਰ ਹੈ। ਅਡਾਨੀ ਦੇ ਵਿਰੋਧੀ ਨੇਤਾਵਾਂ ਨਾਲ ਵੀ ਚੰਗੇ ਸਬੰਧ ਹਨ, ਇਸ ਲਈ ਅਡਾਨੀ ਦਾ ਨਾਂਅ ਲੈ ਕੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਉਸ ਦੀ ਹੇਠਲੇ ਪੱਧਰ ਦੀ ਰਾਜਨੀਤੀ ਦਾ ਹੀ ਹਿੱਸਾ ਹੈ।



ਦਰਅਸਲ ਭਾਜਪਾ ਦੇ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੇ ਅਡਾਨੀ ਗਰੁੱਪ 'ਤੇ ਲੱਗੇ ਦੋਸ਼ਾਂ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਇਹ ਲੋਕ ਸਿਰਫ ਦੋਸ਼ ਲਗਾ ਸਕਦੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਚਿੱਕੜ ਉਛਾਲ ਸਕਦੇ ਹਨ। ਜਦੋਂ ਕਿ ਉਨ੍ਹਾਂ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਹੈ ਕਿ 1 ਰੁਪਏ ਵਿੱਚੋਂ ਸਿਰਫ਼ 15 ਪੈਸੇ ਹੀ ਗ਼ਰੀਬਾਂ ਨੂੰ ਮਿਲਦਾ ਹੈ।


ਦੁਸ਼ਯੰਤ ਗੌਤਮ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਗੌਤਮ ਅਡਾਨੀ ਦੀ ਤਸਵੀਰ ਪ੍ਰਧਾਨ ਮੰਤਰੀ ਨਾਲ ਹੀ ਨਹੀਂ, ਸਗੋਂ ਉਨ੍ਹਾਂ ਦੀ ਪਾਰਟੀ ਦੇ ਸਾਰੇ ਨੇਤਾਵਾਂ ਨਾਲ ਵੀ ਹੈ, ਇਸ ਦੇ ਨਾਲ ਹੀ ਉਨ੍ਹਾਂ ਦੇ ਜੀਜਾ ਨਾਲ ਵੀ ਹੈ ਤਾਂ ਉਹ ਇਸ 'ਤੇ ਚੁੱਪ ਕਿਉਂ ਧਾਰੀ ਬੈਠੇ ਹਨ। ਇੰਨਾ ਹੀ ਨਹੀਂ ਭਾਜਪਾ ਦੇ ਜਨਰਲ ਸਕੱਤਰ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਿਸ ਸੂਬੇ 'ਚ ਉਨ੍ਹਾਂ ਦੀ ਸਰਕਾਰ ਹੈ, ਉੱਥੇ ਵੀ ਗੌਤਮ ਅਡਾਨੀ ਨੂੰ ਪ੍ਰੋਜੈਕਟ ਮਿਲਦੇ ਹਨ, ਜੇ ਗੌਤਮ ਅਡਾਨੀ ਉੱਥੇ ਵੀ ਕੰਮ ਕਰਦੇ ਹਨ ਤਾਂ ਕੀ ਉਨ੍ਹਾਂ ਨੂੰ ਇਹ ਨਹੀਂ ਦਿਸਦਾ, ਉਨ੍ਹਾਂ ਨੇ ਸਿਰਫ਼ ਪੀਐਮ ਦੇ ਨਾਂਅ 'ਤੇ ਰਾਜਨੀਤੀ ਕਰਨੀ ਹੈ, ਉਹ ਪ੍ਰਧਾਨ ਮੰਤਰੀ ਤੇ ਉਦਯੋਗਪਤੀਆਂ 'ਤੇ ਬੇਬੁਨਿਆਦ ਦੋਸ਼ ਲਗਾਉਂਦੇ ਹਨ।



ਅਡਾਨੀ 'ਤੇ ਸਿਆਸੀ ਲੜਾਈ


ਅਮਰੀਕੀ ਅਦਾਲਤ ਨੇ ਰਿਸ਼ਵਤਖੋਰੀ ਤੇ ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ ਗੌਤਮ ਅਡਾਨੀ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਵਿਚਾਲੇ ਅਡਾਨੀ ਨੂੰ ਲੈ ਕੇ ਸਿਆਸੀ ਜੰਗ ਛਿੜ ਗਈ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਡਾਨੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ, ਜਦਕਿ ਭਾਜਪਾ ਨੇ ਕਾਂਗਰਸ ਸ਼ਾਸਿਤ ਰਾਜਾਂ ਵਿੱਚ ਅਡਾਨੀ ਦੇ ਪ੍ਰੋਜੈਕਟਾਂ 'ਤੇ ਸਵਾਲ ਖੜ੍ਹੇ ਕੀਤੇ ਹਨ।