ਨਵੀਂ ਦਿੱਲੀ: ਨਾਗਰਿਕਤਾ ਸੋਧ ਐਕਟ ਦੇ ਵਿਰੋਧ ਦੀ ਅੱਗ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਤਕ ਪਹੁੰਚ ਗਈ ਹੈ। ਜਾਮੀਆ ‘ਚ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਹੁਣ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀਡੀਓ ਟਵੀਟ ‘ਤੇ ਦਾਅਵਾ ਕਰ ਰਹੇ ਹਨ ਕਿ ਬੀਜੇਪੀ ਨੇ ਘਟੀਆ ਰਾਜਨੀਤੀ ਕਰਦੇ ਹੋਏ ਪੁਲਿਸ ਤੋਂ ਇਹ ਅੱਗ ਲਵਾਈ ਹੈ। ਉਧਰ ਸਿਸੋਦੀਆ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਵੀਡੀਓ ਦੀ ਜਾਂਚ ਹੋਣੀ ਚਾਹੀਦੀ ਹੈ।


ਮਨੀਸ਼ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਹਨ। ਉਨ੍ਹਾਂ ਨੇ ਪਹਿਲਾਂ ਟਵੀਟ ‘ਚ ਕਿਹਾ, “ਚੋਣ ‘ਚ ਹਾਰ ਦੇ ਡਰ ਤੋਂ ਬੀਜੇਪੀ ਦਿੱਲੀ ‘ਚ ਅੱਗ ਲਵਾ ਰਹੀ ਹੈ। ‘ਆਪ’ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਖਿਲਾਫ ਹੈ। ਇਹ ਬੀਜੇਪੀ ਦੀ ਘਟੀਆ ਰਾਜਨੀਤੀ ਹੈ”।


ਮਨੀਸ਼ ਸਿਸੋਦੀਆ ਨੇ ਆਪਣੇ ਦੂਜੇ ਟਵੀਟ ‘ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ‘ਚ ਪੁਲਿਸ ਵਾਲੇ ਕੁਝ ਕੁੜੀਆਂ ‘ਤੇ ਲਾਠੀਚਾਰਜ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਟਵੀਟ ‘ਚ ਕਿਹਾ, “ਇਹ ਫੋਟੋ ਵੇਖੋ,, ਵੇਖੋ ਕੌਣ ਲਾ ਰਿਹਾ ਹੈ ਬੱਸਾਂ ਤੇ ਕਾਰਾਂ ਨੂੰ ਅੱਗ...ਇਹ ਫੋਟੋ ਸਭ ਤੋਂ ਵੱਡਾ ਸਬੂਤ ਹੈ ਬੀਜੇਪੀ ਦੀ ਘਟੀਆ ਰਾਜਨੀਤੀ ਦਾ...ਇਸ ਦਾ ਕੁਝ ਜਵਾਬ ਦੇਣਗੇ ਬੀਜੇਪੀ ਨੇਤਾ”।


ਇਸ ਤੋਂ ਬਾਅਦ ਉਨ੍ਹਾਂ ਲਿਖਿਆ, “ਇਸ ਗੱਲ ਦੀ ਤੁਰੰਤ ਨਿਰਪੱਖ ਜਾਂਚ ਹੋਈ ਚਾਹੀਦੀ ਹੈ ਕਿ ਬੱਸਾਂ ‘ਚ ਅੱਗ ਲਾਉਣ ਤੋਂ ਪਹਿਲਾਂ ਇਹ ਵਰਦੀ ਵਾਲੇ ਲੋਕ ਬੱਸਾਂ ‘ਚ ਪੀਲੇ ਤੇ ਚਿੱਟੇ ਰੰਗ ਦੇ ਕੈਨ ਨਾਲ ਕੀ ਪਾ ਰਹੇ ਹਨ? ਇਹ ਕਿਸਦੇ ਇਸ਼ਾਰੇ ‘ਤੇ ਕੀਤਾ ਗਿਆ? ਤਸਵੀਰਾਂ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਬੀਜੇਪੀ ਨੇ ਘਟੀਆ ਰਾਜਨੀਤੀ ਕਰਦੇ ਹੋਏ ਪੁਲਿਸ ਤੋਂ ਇਹ ਅੱਗ ਲਵਾਈ ਗਈ ਹੈ”।


ਵੀਡੀਓ 'ਚ ਇੱਕ ਪੁਲਿਸ ਮੁਲਾਜ਼ਮ ਨੁਕਸਾਨ ਵਾਲੀ ਬੱਸ 'ਚ ਪੀਲੇ ਰੰਗ ਦਾ ਡੱਬਾ ਲੈ ਕੇ ਜਾਂਦੇ ਹੋਏ ਨਜ਼ਰ ਆ ਰਿਹਾ ਹੈ, ਜਦੋਂਕਿ ਇੱਕ ਪੁਲਿਸ ਵਾਲੇ ਨੇ ਇੱਕ ਡੱਬੇ ਵਿੱਚੋਂ ਬੱਸ 'ਚ ਕੁਝ ਪਾਉਂਦੇ ਦਿਖਾਈ ਦੇ ਰਹੇ ਹਨ। ਜਦਕਿ ਪੁਲਿਸ ਦਾ ਬਿਆਨ ਵੀ ਇਸ ਵੀਡੀਓ 'ਤੇ ਆਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਅੱਗ ਬੁਝਾਉਣ ਲਈ ਪਾਣੀ ਲਿਆ ਰਹੇ ਸੀ। ਏਬੀਪੀ ਨਿਊਜ਼ ਇਸ ਵੀਡੀਓ ਤੇ ਫੋਟੋਆਂ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ।