ਨਵੀਂ ਦਿੱਲੀ: ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਕੱਲ੍ਹ ਜੋ ਦਿੱਲੀ ਚ ਹੋੋਇਆ ਉਸ ਨਾਲ ਸਾਰਾ ਦੇਸ਼ ਹੈਰਾਨ ਹੈ। ਅੱਧੀ ਰਾਤ ਤਕ ਦੱਖਣੀ ਦਿੱਲੀ ਦੇ ਜਾਮੀਆ ਦੇ ਨੇੜਲੇ ਖੇਤਰਾ ‘ਚ ਅਜਿਹਾ ਮਾਹੌਲ ਸੀ ਜਿਵੇਂ ਕੋਈ ਜੰਗ ਸ਼ੁਰੂ ਹੋ ਗਈ ਹੋਵੇ। ਧਮਾਕਿਆਂ ਦੀ ਆਵਾਜ਼ਾਂ ਨਾਲ ਲੋਕ ਡਰ ਗਏ। ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇ ਅਧਿਕਾਰ ਦੇਣ ਵਾਲੇ ਨਵੇਂ ਕਾਨੂੰਨ ਦੇ ਵਿਰੋਧ ‘ਚ ਕਈ ਬੱਸਾਂ ਸਾੜ ਦਿੱਤੀਆਂ ਗਈਆਂ, ਨਿੱਜੀ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਪੁਲਿਸ ਨੂੰ ਪੱਥਰ ਮਾਰੇ ਗਏ।


ਜਬਾਵੀ ਕਾਰਵਾਈ 'ਚ ਪੁਲਿਸ ਨੇ ਵੀ ਅੱਥਰੂ ਗੈਸ ਦੇ ਗੋਲੇ ਚਲਾਏ। ਲਾਠੀਚਾਰਜ ਕੀਤਾ, ਪਰ ਸਭ ਦਾ ਸਭ ਤੋਂ ਵੱਡਾ ਵਿਵਾਦ ਸ਼ੁਰੂ ਹੋਇਆ ਜਦੋਂ ਪੁਲਿਸ ਬਦਮਾਸ਼ਾਂ ਦਾ ਪਿੱਛਾ ਕਰਦੇ ਹੋਏ ਜਾਮੀਆ ਯੂਨੀਵਰਸਿਟੀ 'ਚ ਦਾਖਲ ਹੋਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਲਾਇਬ੍ਰੇਰੀ 'ਚ ਪੜ੍ਹ ਰਹੇ ਬੱਚਿਆਂ ਨੂੰ ਕੁੱਟਿਆ, ਕਈ ਤਸਵੀਰਾਂ ਸਾਹਮਣੇ ਆਈਆਂ ਜਿਸ ਵਿਚ ਜਾਮੀਆ ਦੇ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋਏ ਨਜ਼ਰ ਆ ਰਹੇ ਹਨ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸਾਰੇ ਮੈਟਰੋ ਸਟੇਸ਼ਨ ਖੋਲ੍ਹੇ ਗਏ ਹਨ। ਮੈਟਰੋ ਸੇਵਾ ਹੁਣ ਆਮ ਚੱਲ ਰਹੀ ਹੈ। ਦੱਸ ਦਈਏ ਕਿ ਜਾਮੀਆ 'ਚ ਹਿੰਸਾ ਕਰਕੇ ਸੁਖਦੇਵ ਵਿਹਾਰ ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਗੇਟ ਦੋਵੇਂ ਦਿੱਲੀ ਪੁਲਿਸ ਦੀ ਸਲਾਹ 'ਤੇ ਬੰਦ ਕਰ ਦਿੱਤੇ ਗਏ ਸੀ। ਇਸ ਦੇ ਨਾਲ ਹੀ ਆਸ਼ਰਮ ਮੈਟਰੋ ਸਟੇਸ਼ਨ ਦਾ ਗੇਟ ਨੰਬਰ ਤਿੰਨ ਅਤੇ ਜਾਮੀਆ ਮਿਲੀਆ ਇਸਲਾਮੀਆ, ਓਖਲਾ ਵਿਹਾਰ, ਜੱਸੋਲਾ ਵਿਹਾਰ, ਸ਼ਾਹੀਨ ਬਾਗ ਸਟੇਸ਼ਨ ਬੰਦ ਰਹੇ।

ਜਾਮੀਆ 'ਚ ਹੋ ਰਹੇ ਹੰਗਾਮਾ ਮਾਮਲੇ 'ਚ ਦਿੱਲੀ ਪੁਲਿਸ ਨੇ ਦੋ ਸਰਕਾਰੀ ਐਫਆਈਆਰ ਦਰਜ ਕੀਤੀ ਹੈ। ਸਾਰੇ ਪ੍ਰਦਰਸ਼ਨਕਾਰੀ ਵਿਦਿਆਰਥੀ ਸੀ ਜਾਂ ਸਥਾਨਕ ਲੋਕ ਇਸਦੀ ਵੀ ਜਾਂਚ ਕੀਤੀ ਜਾ ਰਹੀ ਹੈ।