ਨਵੀਂ ਦਿੱਲੀ: ਸਰਕਾਰੀ ਸਮਾਗਮ ਦੌਰਾਨ ਕੁਝ ਲੋਕਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੰਬੋਧਨ ਦੌਰਾਨ ਖੰਘਣ ਦੀਆਂ ਆਵਾਜ਼ਾਂ ਕੱਢ ਕੇ ਉਨ੍ਹਾਂ ਦੇ ਭਾਸ਼ਣ ਵਿੱਚ ਅੜਿੱਕਾ ਡਾਹਿਆ। ਸਥਿਤੀ ਨੂੰ ਕਾਬੂ ਕਰਨ ਲਈ ਬੀਜੇਪੀ ਲੀਡਰ ਨਿਤਿਨ ਗਡਕਰੀ ਤੇ ਹਰਸ਼ ਵਰਧਨ ਨੂੰ ਦਖ਼ਲ ਦੇਣਾ ਪਿਆ। ਖ਼ਬਰ ਏਜੰਸੀ ਏਐਨਆਈ ਨੇ ਇਸ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ ਹੈ। ਵੀਡੀਓ ਵਿੱਚ ਸਾਫ ਦਿਖ ਰਿਹਾ ਹੈ ਕਿ ਕੇਜਰੀਵਾਲ ਭਾਸ਼ਣ ਦੇ ਰਹੇ ਹਨ ਤੇ ਨਾਲ ਹੀ ਕੁਝ ਲੋਕਾਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।




ਰੌਲ਼ਾ ਪੈਣ ’ਤੇ ਕੇਜਰੀਵਾਲ ਨੇ ਕਿਹਾ ਕਿ ਜੇ ਲੋਕ ਥੋੜ੍ਹਾ ਸ਼ਾਂਤ ਹੋ ਜਾਂਦੇ ਤਾਂ ਚੰਗਾ ਸੀ। ਇਸੇ ਦੌਰਾਨ ਨਿਤਿਨ ਗਡਕਰੀ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਖੰਘ ਦੀ ਸਮੱਸਿਆ ਨਾਲ ਜੂਝਦੇ ਰਹੇ।

ਦਰਅਸਲ ਸਵੱਛ ਗੰਗਾ ਰਾਸ਼ਟਰੀ ਯੋਜਨਾ ਤੇ ਦਿੱਲੀ ਜਲ ਬੋਰਡ ਵੱਲੋਂ ਯਮੁਨਾ ਸਵੱਛਤਾ ਪ੍ਰੋਗਰਾਮ ਦੇ ਉਦਘਾਟਨ ਮੌਕੇ ਪ੍ਰੋਗਰਾਮ ਕਰਵਾਇਆ ਗਿਆ ਸੀ। ਕੇਂਦਰੀ ਜਲ ਸਰੋਤ ਮੰਤਰੀ ਨਿਤਿਨ ਗਡਕਰੀ ਤੇ ਵਾਤਾਵਰਣ ਮੰਤਰੀ ਹਰਸ਼ ਵਰਧਨ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਜ ਦੇ ਜਲ ਸਰੋਤ ਮੰਤਰੀ ਸਤਿਆਪਾਲ ਸਿੰਘ ਤੇ ਦਿੱਲੀ ਦੇ ਬੀਜੇਪੀ ਸੰਸਦ ਮੈਂਬਰ ਤੇ ਵਰਕਰ ਵੀ ਮੌਜੂਦ ਸਨ।