ਨਵੀਂ ਦਿੱਲੀ: ਉੱਤਰਾਖੰਡ ਦੇ ਖ਼ਾਨਪੁਰ ਤੋਂ ਵਿਧਾਇਕ ਕੁੰਵਰ ਪ੍ਰਣਵ ਸਿੰਘ ਚੈਂਪੀਅਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਨਾਲ ਬੈਠੇ ਲੋਕਾਂ ਨਾਲ ਸ਼ਰਾਬ ਪੀਂਦੇ ਤੇ ਹੱਥਾਂ ਵਿੱਚ ਰਫ਼ਲ ਤੇ ਪਿਸਤੌਲ ਲਹਿਰਾਉਂਦੇ ਹੋਏ ਫਿਲਮੀ ਗੀਤਾਂ 'ਤੇ ਠੁਮਕੇ ਲਾ ਰਹੇ ਹਨ। ਵੀਡੀਓ ਵਿੱਚ ਉਨ੍ਹਾਂ ਦੇ ਦੋਵਾਂ ਹੱਥਾਂ ਵਿੱਚ ਪਿਸਤੌਲ ਹਨ ਤੇ ਮੂੰਹ ਵਿੱਚ ਵੀ ਪਿਸਤੌਲ ਦਬਾ ਕੇ ਫਿਲਮੀ ਗੀਤ 'ਤੇ ਠੁਮਕੇ ਲਾ ਰਹੇ ਹਨ। ਮਾਮਲੇ ਦਾ ਨੋਟਿਸ ਲੈਂਦਿਆ ਬੀਜੇਪੀ ਨੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਪ੍ਰਣਵ ਚੈਂਪੀਅਨ ਆਪਣੀਆਂ ਇਨ੍ਹਾਂ ਹਰਕਤਾਂ ਦੀ ਵਜ੍ਹਾ ਕਰਕੇ ਹੀ ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਦੇ ਇਲਜ਼ਾਮ ਵਿੱਚ ਤਿੰਨ ਮਹੀਨਿਆਂ ਲਈ ਪਾਰਟੀ ਤੋਂ ਮੁਅੱਤਲ ਕੀਤਾ ਗਿਆ ਹੈ। ਚੈਂਪੀਅਨ ਦੀ ਮੁਅੱਤਲੀ ਬੀਜੇਪੀ ਅਨੁਸ਼ਾਸਨ ਕਮੇਟੀ ਵੱਲੋਂ ਤਿਆਰ ਕੀਤੀ ਗਈ ਸ਼ੁਰੂਆਤੀ ਰਿਪੋਰਟ ਬਾਅਦ ਹੋਇਆ ਸੀ ਜਿਸ ਵਿੱਚ ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਦਾ ਦੋਸ਼ੀ ਪਾਇਆ ਗਿਆ ਸੀ। ਦੱਸ ਦੇਈਏ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਚੈਂਪੀਅਨ ਇੱਕ ਟੀਵੀ ਮੀਡੀਆ ਪੱਤਰਕਾਰ ਨੂੰ ਧਮਕਾਉਂਦਿਆਂ ਹੋਇਆਂ ਦਿਖਾਈ ਦੇ ਰਹੇ ਹਨ। ਪ੍ਰਣਵ ਚੈਂਪੀਅਨ ਉਨ੍ਹਾਂ ਨੌਂ ਕਾਂਗਰਸੀ ਵਿਧਾਇਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ 2016 ਵਿੱਚ ਹਰੀਸ਼ ਰਾਵਤ ਖ਼ਿਲਾਫ਼ ਬਗ਼ਾਵਤ ਕੀਤੀ ਸੀ ਤੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸੀ। ਬਾਅਦ ਵਿੱਚ ਵਿਧਾਨ ਸਭਾ ਦੇ ਪ੍ਰਧਾਨ ਨੇ ਸਾਰੇ ਨੌਂ ਵਿਧਾਇਕਾਂ ਨੂੰ ਅਯੋਗ ਐਲਾਨ ਦਿੱਤਾ ਸੀ। ਵੇਖੋ ਵੀਡੀਓ-