ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਵਿੱਚ ਅਮਰੀਕੀ ਉਤਪਾਦਾਂ 'ਤੇ ਲੱਗਣ ਵਾਲੇ ਟੈਰਿਫ ਦੇ ਮੁੱਦੇ 'ਤੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਿਲਕੁੱਲ ਸਵੀਕਾਰ ਨਹੀਂ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਭਾਰਤ ਦਿਨੋਂ-ਦਿਨ ਅਮਰੀਕੀ ਉਤਪਾਦਾਂ 'ਤੇ ਟੈਰਿਫ ਵਿੱਚ ਵਾਧਾ ਕਰ ਰਿਹਾ ਹੈ। ਇਸ ਨੂੰ ਲੰਮੇ ਸਮੇਂ ਤਕ ਸਵੀਕਾਰ ਨਹੀਂ ਕੀਤਾ ਜਾਏਗਾ।



ਇਹ ਪਹਿਲੀ ਵਾਰ ਨਹੀਂ ਜਦੋਂ ਟਰੰਪ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਿਛਲੇ ਮਹੀਨੇ ਦੇ ਆਖ਼ੀਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਤੋਂ ਠੀਕ ਪਹਿਲਾਂ ਡੌਨਲਡ ਟਰੰਪ ਨੇ ਕਿਹਾ ਸੀ ਕਿ ਇਸ ਸਬੰਧ ਵਿੱਚ ਉਹ ਪੀਐਮ ਮੋਦੀ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ।



ਅਮਰੀਕਾ ਤੇ ਭਾਰਤ ਵਿਚਾਲੇ ਵਪਾਰ ਨੂੰ ਲੈ ਕੇ ਤਣਾਓ ਵਰਗੀ ਸਥਿਤੀ ਹੈ। ਟਰੰਪ ਸਰਕਾਰ ਨੇ ਪਿਛਲੇ ਦਿਨੀਂ ਭਾਰਤ ਨੂੰ ਜੀਐਸਪੀ ਤੋਂ ਹਟਾ ਦਿੱਤਾ ਸੀ। ਇਸ ਦੇ ਬਾਅਦ ਭਾਰਤ ਨੇ ਵੀ 15 ਜੂਨ ਨੂੰ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਅਖਰੋਟ ਤੇ ਸੇਬ ਸਮੇਤ ਵੱਖ-ਵੱਖ ਵਸਤੂਆਂ 'ਤੇ ਦਰਾਮਦ ਕਰ ਵਧਾ ਦਿੱਤਾ ਸੀ।