ਕੁਰੂਕਸ਼ੇਤਰ : ਇੱਥੇ ਕਿਸਾਨ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਲੀਡਰ ਗੁਰਨਾਮ ਸਿੰਘ ਚਡੂਨੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਗੁਰਨਾਮ ਸਿੰਘ ਚਡੂਨੀ ਹਰਿਆਣਾ ਦੀ ਕੁਰੂਕਸ਼ੇਤਰ ਜੇਲ੍ਹ ਵਿੱਚ ਬੰਦ ਸਨ। 10 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਉਹਨਾਂ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ। ਗੁਰਨਾਮ ਸਿੰਘ ਚਡੂਨੀ ਦੀ ਜਥੇਬੰਦੀ ਦੇ ਕਿਸਾਨ ਵੱਡੀ ਗਿਣਤੀ ਵਿੱਚ ਕੁਰੂਕਸ਼ੇਤਰ ਦੀ ਜੇਲ੍ਹ ਸਾਹਮਣੇ ਆਪਣੇ ਲੀਡਰ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਗੁਰਨਾਮ ਸਿੰਘ ਚਡੂਨੀ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਢੋਲ ਢਮੱਕੇ ਨਾਲ ਸਵਾਗਤ ਕੀਤਾ ਗਿਆ ਹੈ। 


ਗੁਰਨਾਮ ਸਿੰਘ ਚਡੂਨੀ ਸਮੇਤ 9 ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਅੱਜ ਸਾਰਿਆਂ ਨੂੰ ਛੱਡ ਦਿੱਤਾ ਗਿਆ ਹੈ। ਇਹਨਾਂ ਸਾਰਿਆਂ ਕਿਸਾਨਾਂ ਨੂੰ 6 ਜੂਨ ਨੂੰ ਪ੍ਰਦਰਸ਼ਨ ਕਰਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਰਨਾਮ ਸਿੰਘ ਚਡੂਨੀ ਸਮੇਤ ਬਾਕੀ 9 ਕਿਸਾਨਾਂ 'ਤੇ ਧਾਰਾ 307 ਲਗਾਈ ਗਈ ਸੀ। ਗੁਰਨਾਮ ਚਡੂਨੀ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹਰਿਆਣਾ ਸਰਕਾਰ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ ਹਨ। ਚਡੂਨੀ ਨੇ ਕਿਹਾ ਕਿ 6 ਜੂਨ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਜੋ ਹਰਿਆਣਾ ਪੁਲਿਸ ਨੇ ਲਾਠੀਚਾਰਜ ਕੀਤਾ ਉਹ ਬਿਲਕੁਲ ਗਲਤ ਹੈ ਲਾਠੀਚਾਰਜ ਕਰਨ ਵਾਲੀ ਉੱਥੇ ਸਥਿਤੀ ਨਹੀਂ ਬਣੀ ਹੋਈ ਸੀ। ਗੁਰਨਾਮ ਚਡੂਨੀ ਨੇ ਕਿਹਾ ਜਿਹੜਾ ਮੇਰੇ ਅਤੇ ਮੇਰੇ ਸਾਥੀ ਕਿਸਾਨਾਂ 'ਤੇ ਧਾਰਾ 307 ਲਗਾਈ ਗਈ ਅਸੀਂ ਅਜਿਹਾ ਕਿਹੜਾ ਜ਼ੁਰਮ ਕੀਤਾ ਇਰਾਦਾ ਏ ਕਤਲ ਦੀ ਧਾਰਾ ਜੋੜ ਦਿੱਤੀ ਗਈ। 


ਦਰਅਸਲ ਹਰਿਆਣਾ ਵਿੱਚ ਸੂਰਜਮੁਖੀ ਕਿਸਾਨ ਆਪਣੀ ਫਸਲ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਯਾਨੀ ਐਮ.ਐਸ.ਪੀ 'ਤੇ ਖਰੀਦ ਕਰਨ ਲਈ ਖੱਟਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਇਹਨਾਂ ਕਿਸਾਨਾਂ ਨੇ 6 ਜੂਨ ਦੁਪਹਿਰ 12 ਵਜੇ ਤੱਕ ਦਾ ਹਰਿਆਣਾ ਸਰਕਾਰ ਨੂੰ ਸਮਾਂ ਦਿੱਤਾ ਸੀ। ਪਰ ਹਰਿਆਣਾ ਸਰਕਾਰ ਨੇ ਇਹਨਾਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਿਸ ਤੋਂ ਬਾਅਦ ਸੂਰਜਮੁਖੀ ਕਿਸਾਨਾਂ ਨੇ ਸ਼ਾਹਬਾਦ ਨੇੜੇ ਨੈਸ਼ਨਲ ਹਾਈਵੇਅ 44 ਜੋ ਦਿੱਲੀ ਜੰਮੂ ਨੂੰ ਜੋੜਦਾ ਹੈ, ਉਸ ਨੂੰ ਬੰਦ ਕਰ ਦਿੱਤਾ ਸੀ। ਹਾਈਵੇਅ 'ਤੇ ਕਿਸਾਨ ਧਰਨਾ ਦੇ ਰਹੇ ਸਨ ਤਾਂ ਹਰਿਆਣਾ ਪੁਲਿਸ ਨੇ ਲਾਠੀਚਾਰਜ  ਕੀਤਾ ਅਤੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਜਿਸ ਤੋਂ ਬਾਅਦ ਗੁਰਨਾਮ ਸਿੰਘ ਚਡੁਨੀ ਵੀ ਪੁਲਿਸ ਦੀ ਕਸਟਡੀ ਵਿੱਚ ਸਨ। ਹਲਾਂਕਿ ਚਡੂਨੀ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਕਿਸਾਨਾਂ ਨੇ ਆਪਣੇ ਧਰਨਾ ਜਰੀ ਰੱਖਿਆ ਤੇ ਫਿਰ ਪਿੱਪਲੀ ਦੀ ਅਨਾਜ਼ ਮੰਡੀ ਨੇੜੇ ਨੈਸ਼ਨਲ ਹਾਈਵੇਅ 44 ਜਾਮ ਕਰ ਦਿੱਤਾ। ਜਿਸ ਵਿੱਚ ਰਾਕੇਸ਼ ਟਿਕੈਤ ਵੀ ਸ਼ਾਮਲ ਹੋਏ ਸਨ।


ਪਿੱਪਲੀ ਨੇੜੇ ਲੱਗੇ ਧਰਨਾ ਅੱਗੇ ਹਰਿਆਣਾ ਸਰਕਾਰ ਚੁੱਕ ਗਈ ਸੀ ਅਤੇ ਉਦੋਂ ਹੀ ਐਲਾਨ ਕਰ ਦਿੱਤਾ ਸੀ ਕਿ ਸਰਕਾਰ ਸੂਰਜਮੁਖੀ ਦੀ ਫਸਲ ਐਮ.ਐਸ.ਪੀ 'ਤੇ ਖਰੀਦ ਕਰੇਗੀ ਅਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੁੰ ਵੀ ਛੱਡ ਦਿੱਤਾ ਜਾਵੇਗ। ਹਰਿਆਣਾ ਵਿੱਚ ਸੂਰਜਮੁਖੀ ਦੀ ਫਸਲ 'ਤੇ ਐਮ.ਐਸ.ਪੀ 6400 ਪ੍ਰਤੀ ਕੁਇੰਟਲ ਹੈ।