Wrestler Protest : ਪਹਿਲਵਾਨਾਂ ਨੇ ਪਿਛਲੇ ਮਹੀਨੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਦਿੱਲੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਅੱਜ ਉਸ ਨੇ ਇਨ੍ਹਾਂ ਦੋਸ਼ਾਂ 'ਤੇ 15 ਜੂਨ ਨੂੰ ਰੌਸ ਐਵੇਨਿਊ 'ਚ ਆਪਣੀ 1000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ।
ਇਸ ਦੇ ਨਾਲ ਹੀ ਪਾਕਸੋ ਮਾਮਲੇ 'ਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਦਿੱਲੀ ਪੁਲਿਸ ਨੇ POCSO ਮਾਮਲੇ ਵਿੱਚ ਪਟਿਆਲਾ ਹਾਊਸ ਕੋਰਟ ਵਿੱਚ ਕਲੋਜ਼ਰ ਰਿਪੋਰਟ ਦਾਇਰ ਕੀਤੀ ਹੈ। ਇਸ ਰਿਪੋਰਟ 'ਚ ਦਿੱਲੀ ਪੁਲਸ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਉਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ, ਇਸ ਲਈ ਅਸੀਂ ਇਸ ਮਾਮਲੇ ਦੀ ਜਾਂਚ ਬੰਦ ਕਰ ਰਹੇ ਹਾਂ। ਪੁਲੀਸ ਦੀ ਰਿਪੋਰਟ ’ਤੇ ਨੋਟਿਸ ਲੈਂਦਿਆਂ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਨੂੰ ਤੈਅ ਕੀਤੀ ਹੈ।
ਮੈਜਿਸਟ੍ਰੇਟ ਦੇ ਸਾਹਮਣੇ ਕੀ ਬੋਲੀ ਪਹਿਲਵਾਨ ?
ਦਿੱਲੀ ਪੁਲਿਸ ਨੇ ਆਪਣੀ ਜਾਂਚ ਰਿਪੋਰਟ ਵਿੱਚ ਨਾਬਾਲਗ ਦੇ ਬਿਆਨ ਅਤੇ ਹੁਣ ਤੱਕ ਦੀ ਜਾਂਚ ਦੇ ਸਬੰਧ ਵਿੱਚ ਆਪਣੀ ਰਿਪੋਰਟ ਦਾਖਿਲ ਕੀਤੀ ਹੈ। ਸੂਤਰਾਂ ਮੁਤਾਬਕ ਨਾਬਾਲਗ ਨੇ ਬ੍ਰਿਜ ਭੂਸ਼ਣ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ ਪਹਿਲਾਂ ਹੀ ਵਾਪਸ ਲੈ ਲਏ ਹਨ।
ਮੈਜਿਸਟ੍ਰੇਟ ਦੇ ਸਾਹਮਣੇ ਦਿੱਤੇ ਆਪਣੇ ਪਹਿਲੇ ਬਿਆਨ 'ਚ ਨਾਬਾਲਗ ਨੇ ਜਿਨਸੀ ਸ਼ੋਸ਼ਣ ਦੀ ਗੱਲ ਕਹੀ ਸੀ। ਦੂਜੇ ਬਿਆਨ ਵਿੱਚ ਨਾਬਾਲਗ ਨੇ ਜਿਨਸੀ ਸ਼ੋਸ਼ਣ ਦਾ ਆਰੋਪ ਵਾਪਸ ਲੈਂਦਿਆਂ ਕਿਹਾ ਕਿ "ਮੇਰੀ ਸਿਲੈਕਸ਼ਨ ਨਹੀਂ ਹੋਈ ਸੀ , ਮੈਂ ਬਹੁਤ ਮਿਹਨਤ ਕੀਤੀ ਸੀ। ਮੈਂ ਡਿਪਰੈਸ਼ਨ ਵਿੱਚ ਸੀ, ਇਸ ਲਈ ਗੁੱਸੇ ਵਿੱਚ ਮੈਂ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕਰਵਾਇਆ ਸੀ"।
ਕੀ ਸੀ ਪੂਰਾ ਮਾਮਲਾ?
ਪਿਛਲੇ ਮਹੀਨੇ 23 ਅਪ੍ਰੈਲ ਨੂੰ ਦੇਸ਼ ਦੇ ਚੋਟੀ ਦੇ ਤਿੰਨ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਬ੍ਰਿਜਭੂਸ਼ਣ ਸਿੰਘ ਸ਼ਰਨ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਂਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਧਰਨੇ 'ਤੇ ਬੈਠੇ ਸਨ। ਇਸ ਤੋਂ ਬਾਅਦ ਉਸ ਨੇ ਬ੍ਰਿਜਭੂਸ਼ਨ ਸਿੰਘ ਸ਼ਰਨ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ, ਜਿਸ 'ਤੇ ਦਿੱਲੀ ਪੁਲਸ ਨੇ ਐੱਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।