ਮੁੰਬਈ: ਕੋਰੋਨਾ ਕਰਕੇ ਹਰ ਪਾਸੇ ਤਬਾਹੀ ਮੱਚੀ ਹੈ। ਆਏ ਦਿਨ ਹਜ਼ਾਰਾਂ ਲੋਕ ਇਸ ਨਾਲ ਪੀੜਤ ਹੋ ਰਹੇ ਹਨ। ਵੱਧ ਤੋਂ ਵੱਧ ਲੋਕਾਂ ਦੇ ਕੋਰੋਨਾ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਦਿੱਲੀ ਤੋਂ ਬਾਅਦ ਮੁੰਬਈ 'ਚ ਇੱਕ ਸੀਰੋ ਸਰਵੇ ਹੋਇਆ ਹੈ। ਸਰਵੇਖਣ ਵਿੱਚ ਮੁੰਬਈ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੇ 57% ਲੋਕਾਂ ਵਿੱਚ ਐਂਟੀਬਾਡੀਜ਼ ਮਿਲੇ ਹਨ, ਜਿਸ ਦਾ ਮਤਲਬ ਹੈ ਕਿ ਉਹ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ।

ਇਸ ਦੇ ਨਾਲ ਹੀ ਰਿਹਾਇਸ਼ੀ ਖੇਤਰਾਂ ਵਿੱਚ 16% ਲੋਕਾਂ ਵਿੱਚ ਐਂਟੀਬਾਡੀਜ਼ ਮਿਲੇ। ਬੀਐਮਸੀ ਅਧਿਕਾਰੀਆਂ ਨੇ ਇਸ ਨੂੰ ਸਕਾਰਾਤਮਕ ਤਬਦੀਲੀ ਕਰਾਰ ਦਿੱਤਾ ਹੈ। ਇਹ ਸੀਰੋ ਸਰਵੇ ਬੀਐਮਸੀ ਨੇ ਨੀਤੀ ਆਯੋਗ ਤੇ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ (ਟੀਆਈਐਫਆਰ) ਦੇ ਸਹਿਯੋਗ ਨਾਲ ਕੀਤਾ ਸੀ।

ਕੋਰੋਨਾ ਪ੍ਰਸਾਰ ਤੇ ਲੋਕਾਂ ਵਿੱਚ ਇਸ ਤੋਂ ਬਚਣ ਲਈ ਪੈਦਾ ਹੋ ਰਹੀ ਪ੍ਰਤੀਰੋਧਤਾ ਨੂੰ ਜਾਂਚਣ ਲਈ 6,936 ਲੋਕਾਂ ਦਾ ਸੀਰੋ ਸਰਵੇਖਣ ਕੀਤਾ ਗਿਆ। ਬੀਐਮਸੀ ਦੇ ਤਿੰਨ ਵਾਰਡਾਂ (ਆਰ/ਐਨ, ਐਮ/ਡਬਲਿਊ ਤੇ ਐਫ/ਐਨ) ਵਿੱਚ ਸਰਵੇਖਣ ਕੀਤਾ। ਇਸ 'ਚ ਝੁੱਗੀਆਂ ਵਿੱਚ ਰਹਿਣ ਵਾਲੇ ਤਕਰੀਬਨ 4 ਹਜ਼ਾਰ ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ, ਜਿਨ੍ਹਾਂ ਵਿੱਚੋਂ 57% ਨੂੰ ਕੋਰੋਨਾ ਵਿੱਚ ਐਂਟੀਬਾਡੀ ਮਿਲੀ। ਉਧਰ ਰਿਹਾਇਸ਼ੀ ਖੇਤਰਾਂ ਵਿੱਚ ਰਹਿੰਦੇ 3,000 ਲੋਕਾਂ ਚੋਂ 16% ਦੇ ਸ਼ਰੀਰ 'ਚ ਐਂਟੀਬਾਡੀਜ਼ ਮਿਲੇ। ਦੱਸ ਦਈਏ ਕਿ ਮਰਦਾਂ ਨਾਲੋਂ ਔਰਤਾਂ ਵਿੱਚ ਵਧੇਰੇ ਐਂਟੀਬਾਡੀਜ਼ ਮਿਲੇ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904