Explosion in Fireworks: ਕੇਰਲ 'ਚ ਸੋਮਵਾਰ (28 ਅਕਤੂਬਰ) ਦੇਰ ਰਾਤ ਨੀਲੇਸ਼ਵਰਮ ਨੇੜੇ ਇਕ ਮੰਦਰ 'ਚ ਤਿਉਹਾਰ ਦੌਰਾਨ ਪਟਾਕੇ ਚਲਾਉਣ ਕਾਰਨ ਹੋਏ ਹਾਦਸੇ 'ਚ 150 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਘਟਨਾ 'ਚ 8 ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਕਾਸਰਗੋਡ, ਕੰਨੂਰ ਅਤੇ ਮੰਗਲੁਰੂ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਘਟਨਾ ਜੂਟਾਮਬਲਮ ਵੀਰਾਰਕਵੂ ਮੰਦਰ 'ਚ ਸੋਮਵਾਰ ਅੱਧੀ ਰਾਤ ਤੋਂ ਬਾਅਦ ਵਾਪਰੀ ਸੀ। ਇਸ ਸਮੇਂ ਦੌਰਾਨ, 500 ਤੋਂ ਵੱਧ ਲੋਕ ਰਵਾਇਤੀ ਥੀਯਮ ਤਿਉਹਾਰ ਵਿੱਚ ਹਿੱਸਾ ਲੈਣ ਲਈ ਮੰਦਰ ਵਿੱਚ ਪਹੁੰਚੇ ਸਨ।
ਚਸ਼ਮਦੀਦਾਂ ਨੇ ਘਟਨਾ ਦਾ ਕਾਰਨ ਦੱਸਿਆ
ਇਸ ਘਟਨਾ ਬਾਰੇ ਚਸ਼ਮਦੀਦਾਂ ਨੇ ਦੱਸਿਆ, ''ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਟਾਕਿਆਂ ਦੀ ਚੰਗਿਆੜੀ ਮੰਦਰ ਦੇ ਇੱਕ ਕਮਰੇ 'ਚ ਰੱਖੇ ਹੋਰ ਪਟਾਕਿਆਂ 'ਤੇ ਡਿੱਗ ਗਈ, ਜਿਸ ਨਾਲ ਧਮਾਕਾ ਹੋ ਗਿਆ। ਅਧਿਕਾਰੀਆਂ ਮੁਤਾਬਕ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਹੈ ਅਤੇ ਅੱਠ ਲੋਕ ਗੰਭੀਰ ਜ਼ਖਮੀ ਹਨ। ਇਸ ਧਮਾਕੇ ਅਤੇ ਉਸ ਤੋਂ ਬਾਅਦ ਮਚੀ ਭਗਦੜ ਵਿੱਚ ਕੁੱਲ ਮਿਲਾ ਕੇ 154 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 97 ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ।
ਜਾਣਕਾਰੀ ਅਨੁਸਾਰ ਮੰਦਰ ਪ੍ਰਬੰਧਕਾਂ ਨੇ ਤਿਉਹਾਰ ਲਈ ਕਰੀਬ 25 ਹਜ਼ਾਰ ਰੁਪਏ ਦੇ ਹਲਕੇ ਪਟਾਕੇ ਰੱਖੇ ਹੋਏ ਸਨ, ਜੋ ਕਿ ਮੰਗਲਵਾਰ ਰਾਤ ਨੂੰ ਖ਼ਤਮ ਹੋਣੇ ਸਨ, ਇਸ ਘਟਨਾ 'ਚ ਜ਼ਖਮੀ ਹੋਈ ਇੱਕ ਮੁਟਿਆਰ ਨੇ ਦੱਸਿਆ ਕਿ ਜਿਵੇਂ ਹੀ ਪਟਾਕਿਆਂ ਦੀਆਂ ਚੰਗਿਆੜੀਆਂ ਕਮਰੇ 'ਚ ਪਈਆਂ, ਤਾਂ ਲੋਕਾਂ ਨੇ ਉੱਥੋ ਭੱਜਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ।
ਵਿਧਾਇਕ ਐਮ.ਰਾਜਗੋਪਾਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਸਥਾਨਕ ਵਿਧਾਇਕ ਐਮ.ਰਾਜਗੋਪਾਲ ਨੇ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਦੱਸਿਆ ਅਤੇ ਜ਼ਿਲ੍ਹਾ ਕੁਲੈਕਟਰ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪਟਾਕੇ ਹਲਕੇ ਸਨ ਪਰ ਚੰਗਿਆੜੀਆਂ ਹੋਰ ਪਟਾਕਿਆਂ 'ਤੇ ਡਿੱਗ ਗਈਆਂ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਕਾਸਰਗੋਡ ਦੇ ਸੰਸਦ ਮੈਂਬਰ ਰਾਜਮੋਹਨ ਉਨੀਥਨ ਨੇ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ ਜਦੋਂ ਇਹ ਹਾਦਸਾ ਵਾਪਰਿਆ ਤਾਂ ਤਿਉਹਾਰ ਮਨਾਉਣ ਲਈ ਪਟਾਕੇ ਚਲਾਏ ਜਾ ਰਹੇ ਸਨ। ਮੰਦਰ ਕਮੇਟੀ ਦੇ ਦੋ ਮੈਂਬਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੰਦਰ ਪ੍ਰਬੰਧਨ ਨੇ ਪਟਾਕੇ ਚਲਾਉਣ ਲਈ ਲਾਜ਼ਮੀ ਲਾਇਸੈਂਸ ਪ੍ਰਾਪਤ ਨਹੀਂ ਕੀਤਾ ਸੀ।