ਹੁੱਡਾ ਨੇ ਰੈਲੀ ਵਿੱਚ ਕਿਹਾ ਕਿ ਸਰਕਾਰ ਜਦੋਂ ਵੀ ਕੋਈ ਚੰਗਾ ਕੰਮ ਕਰਦੀ ਹੈ ਤਾਂ ਮੈਂ ਉਸ ਦਾ ਸਮਰਥਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੇ ਕਈ ਸਾਥੀਆਂ ਨੇ ਧਾਰਾ 370 ਦਾ ਵਿਰੋਧ ਕੀਤਾ। ਸਾਡੀ ਪਾਰਟੀ ਵੀ ਰਾਹ ਭਟਕ ਗਈ ਹੈ। ਹੁਣ ਉਹ ਕਾਂਗਰਸ ਨਹੀਂ ਰਹੀ, ਜਿਸ ਵਿੱਚ ਮੈਂ ਰਿਹਾ ਹਾਂ। ਹੁੱਡਾ ਨੇ ਇਹ ਵੀ ਕਿਹਾ ਕਿ ਜਦੋਂ ਵੀ ਰਾਸ਼ਟਰਵਾਦ ਤੇ ਆਤਮ ਸਨਮਾਨ ਦੀ ਗੱਲ ਆਉਂਦੀ ਹੈ ਤਾਂ ਉਹ ਕਿਸੇ ਵੀ ਚੀਜ਼ ਨਾਲ ਸਮਝੌਤਾ ਨਹੀਂ ਕਰਦੇ।
ਰੋਹਤਕ ਦੀ ਰੈਲੀ ਵਿੱਚ ਕਿਆਸ ਲਾਏ ਜਾ ਰਹੇ ਸਨ ਕਿ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਨਾਲ ਜਾਰੀ ਖਹਿਬਾਜ਼ੀ ਕਾਰਨ ਹੁੱਡਾ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਪਰ ਇੱਥੇ ਹੁੱਡਾ ਨੇ ਕਿਹਾ ਕਿ ਉਹ 25 ਮੈਂਬਰਾਂ ਦੀ ਕਮੇਟੀ ਬਣਾਉਣਗੇ, ਜਿਨ੍ਹਾਂ ਦੇ ਫੈਸਲੇ ਮੁਤਾਬਕ ਹੀ ਅਗਲਾ ਕਦਮ ਚੁੱਕਿਆ ਜਾਵੇਗਾ। ਸਾਫ ਹੈ ਕਿ ਹੁੱਡਾ ਪਾਰਟੀ ਬਣਾਉਣ ਲਈ ਹਾਲੇ ਪੂਰੀ ਤਰ੍ਹਾਂ ਤਿਆਰ ਨਹੀਂ ਹਨ।
ਬੇਸ਼ੱਕ ਹੁੱਡਾ ਨੇ ਕੇਂਦਰ ਦੀ ਭਾਜਪਾ ਸਰਕਾਰ ਦਾ ਸਮਰਥਨ ਕੀਤਾ ਪਰ ਹਰਿਆਣਾ ਵਿੱਚ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਤੋਂ ਸਵਾਲ ਕੀਤਾ ਕਿ ਉਹ ਦੱਸਣ ਕਿ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਕੀ ਕੀਤਾ। ਹੁੱਡਾ ਨੇ ਇਸ ਮੌਕੇ ਲੋਕਾਂ ਨਾਲ ਵਾਅਦਿਆਂ ਦੀ ਝੜੀ ਹੀ ਲਾ ਦਿੱਤੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਤੇ ਟਿਊਬਵੈੱਲ ਕੁਨੈਕਸ਼ਨ ਦੇ ਬਿਜਲੀ ਬਿੱਲ ਮੁਆਫ਼ ਕਰਨਗੇ ਅਤੇ ਫ਼ਸਲਾਂ ਦਾ ਬੀਮਾ ਵੀ ਸਰਕਾਰ ਕਰਕੇ ਦੇਵੇਗੀ। ਉਨ੍ਹਾਂ ਦੀ ਸਰਕਾਰ ਵਿੱਚ ਚਾਰ ਉਪ ਮੁੱਖ ਮੰਤਰੀ ਹੋਣਗੇ, ਜਿਨ੍ਹਾਂ ਵਿੱਚ ਇੱਕ ਦਲਿਤ ਵੀ ਹੋਵੇਗਾ। ਇਸ ਤੋਂ ਇਲਾਵਾ ਹੁੱਡਾ ਦੇ ਐਲਾਨਾਂ ਵਿੱਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫਰ, ਦੋ ਰੁਪਏ ਕਿੱਲੋ ਕਣਕ-ਚੌਲ, ਬੀਪੀਐਲ ਔਰਤਾਂ ਨੂੰ ਦੋ-ਦੋ ਹਜ਼ਾਰ ਰੁਪਏ ਆਰਥਕ ਮਦਦ, ਬਿਜਲੀ ਦੀਆਂ ਕੀਮਤਾਂ ਅੱਧੀਆਂ ਕਰਨਾ, 7ਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਆਦਿ ਸ਼ਾਮਲ ਹਨ।