ਨਵੀਂ ਦਿੱਲੀ: ਦੇਸ਼ ਦੇ ਉੱਤਰੀ ਤੇ ਪਹਾੜੀ ਸੂਬਿਆਂ ਵਿੱਚ ਬੀਤੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਨਦੀ-ਨਾਲਿਆਂ ਨੇ ਖ਼ਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਪੰਜਾਬ ਦੇ ਦਰਿਆਵਾਂ ਦਾ ਪੱਧਰ ਵੀ ਕਾਫੀ ਵੱਧ ਗਿਆ ਹੈ ਤੇ ਜਲੰਧਰ, ਰੂਪਨਗਰ, ਮੋਗਾ ਤੇ ਫ਼ਿਰੋਜ਼ਪੁਰ ਆਦਿ ਜ਼ਿਲ੍ਹਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਹਨ। ਇਹ ਸਭ ਬੀਤੇ ਕੱਲ੍ਹ ਹੋਈ ਭਾਰੀ ਬਰਸਾਤ ਕਾਰਨ ਹੋਇਆ ਹੈ। ਹੁਣ ਤਾਜ਼ਾ ਜਾਣਕਾਰੀ ਆਈ ਹੈ ਕਿ ਕੁਝ ਇਲਾਕਿਆਂ ਵਿੱਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਦਿੱਲੀ, ਹਰਿਆਣਾ, ਪੰਜਾਬ, ਉੱਤਰਾਖੰਡ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਤਮਿਲਨਾਡੂ, ਪੁਡੂਚੇਰੀ, ਬਿਹਾਰ ਤੇ ਛੱਤੀਸਗੜ੍ਹ ਦੇ ਵੱਖ-ਵੱਖ ਥਾਵਾਂ 'ਤੇ ਭਾਰੀ ਬਰਸਾਤ ਹੋ ਸਕਦੀ ਹੈ। ਪੱਛਮੀ-ਮੱਧ ਤੇ ਦੱਖਣੀ-ਪੱਛਮੀ ਅਰਬ ਸਾਗਰ ਤੋਂ 45-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਅੰਦਾਜ਼ਾ ਹੈ।

ਜ਼ਿਕਰਯੋਗ ਹੈ ਕਿ ਇਸ ਮਾਨਸੂਨ ਸੀਜ਼ਨ ਦੌਰਾਨ ਦੇਸ਼ ਭਰ ਵਿੱਚ 269 ਲੋਕਾਂ ਦੀ ਜਾਨ ਜਾ ਚੁੱਕੀ ਸੀ, ਪਰ ਬੀਤੇ ਕੱਲ੍ਹ ਹੋਈ ਬਰਸਾਤ ਕਾਰਨ ਇਕੱਲੇ ਹਿਮਾਚਲ ਪ੍ਰਦੇਸ਼ ਵਿੱਚ ਹੀ 10 ਹੋਰ ਮੌਤਾਂ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ ਕੇਰਲ ਵਿੱਚ ਸਭ ਤੋਂ ਵੱਧ 115, ਕਰਨਾਟਰ ਵਿੱਚ 62, ਗੁਜਰਾਤ ਵਿੱਚ 35, ਮਹਾਰਾਸ਼ਟਰ ਵਿੱਚ 30 ਜਣਿਆਂ ਦੀ ਮੌਤ ਸ਼ਾਮਲ ਹੈ। ਇਸ ਤੋਂ ਇਲਾਵਾ ਚਾਰ ਦਰਜਨ ਤੋਂ ਵੱਧ ਲੋਕ ਲਾਪਤਾ ਹਨ।