ਫਿਰੋਜ਼ਪੁਰ: ਫਿਰੋਜ਼ਪੁਰ BSF ਸੈਕਟਰ ਮਮਦੋਟ ਵਿੱਚ ਤਾਇਨਾਤ 29 ਬਟਾਲੀਅਨ ਦਾ ਜਵਾਨ ਸ਼ੇਖ ਰਾਇਜ਼ੂਦੀਨ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਰਾਇਜ਼ੂਦੀਨ ’ਤੇ ਭਾਰਤ ਦੀ ਖੁਫੀਆ ਜਾਣਕਾਰੀ ਦੀਆਂ ਰਿਪੋਰਟਾਂ ਜਿਵੇਂ ਬਾਰਡਰ ’ਤੇ ਕੰਡਿਆਲੀ ਤਾਰ ਤੇ ਸੜਕਾਂ ਦੀਆਂ ਤਸਵੀਰਾਂ ਆਦਿ ਪਾਕਿਸਤਾਨੀ ਜਾਸੂਸ ਏਜੰਸੀ ਇੰਟਰ ਸਰਵਿਸ ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਦੇ ਏਜੰਟ ਮਿਰਜ਼ਾ ਫੈਜ਼ਲ ਨੂੰ ਭੇਜਣ ਦੇ ਇਲਜ਼ਾਮ ਲੱਗੇ ਹਨ।

ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਰਾਇਜ਼ੂਦੀਨ ਕੋਲੋਂ ਕਈ ਖੁਲਾਸੇ ਹੋਏ ਹਨ ਜਿਸ ਮਗਰੋਂ ਦੇਸ਼ ਦੀਆਂ ਵੱਖ-ਵੱਖ ਖੁਫੀਆ ਏਜੰਸੀਆਂ ਰਾਇਜ਼ੂਦੀਨ ਕੋਲੋਂ ਪੁੱਛਗਿੱਛ ਵਿੱਚ ਲੱਗ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਰਾਇਜ਼ੂਦੀਨ ਫੋਨ ਜ਼ਰੀਏ ਪਾਕਿਸਤਾਨ ਵਿੱਚ ਬੈਠੇ ISI ਦੇ ਲੋਕਾਂ ਨੂੰ ਭਾਰਤ ਦੀ ਖੁਫੀਆ ਜਾਣਕਾਰੀ ਸਾਂਝੀ ਕਰਦਾ ਸੀ। ਪੁਲਿਸ ਨੇ ਉਸ ਕੋਲੋਂ ਦੋ ਮੋਬਾਈਲ ਫੋਨ ਤੇ ਸੱਤ ਸਿੰਮ ਕਾਰਡ ਬਰਾਮਦ ਕੀਤੇ ਹਨ।

ਮਮਦੋਟ ਵਿੱਚ ਤਾਇਨਾਤ ਪੁਲਿਸ ਅਫਸਰ ਨੇ ਦੱਸਿਆ ਕਿ ਇਹ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਜ਼ਰੀਏ ਪਾਕਿਸਤਾਨੀਆਂ ਦੇ ਸੰਪਰਕ ਵਿੱਚ ਆਇਆ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਸਰਹੱਦ ਨਾਲ ਸਬੰਧਤ ਗੁਪਤ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਇਸ ਕੰਮ ਲਈ ਪਾਕਿਸਤਾਨ ਵੱਲੋਂ ਪੁਲਿਸ ਨੇ ਨੂੰ ਪੈਸੇ ਵੀ ਭੇਜੇ ਗਏ ਸਨ। ਇਸ ਖੁਲਾਸੇ ਬਾਅਦ ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਭਾਜੜਾਂ ਪੈ ਗਈਆਂ ਹਨ।