ਫ਼ਿਰੋਜ਼ਪੁਰ: ਪੰਜਾਬ ਦੇ ਹੁਸੈਨੀਵਾਲਾ ਸੈਕਟਰ ਵਿੱਚ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਤਿੰਨ ਡ੍ਰੋਨ ਵੇਖੇ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਡ੍ਰੋਨ ਨੂੰ ਵੇਖਣ ਤੋਂ ਬਾਅਦ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਜਵਾਨਾਂ ਨੇ ਇਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ ਪਰ ਇਸ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ।


ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬਸਤੀ ਰਾਮ ਲਾਲ, ਟੈਂਡੀ ਵਾਲਾ ਤੇ ਹਜ਼ਾਰਾ ਸਿੰਘ ਵਾਲਾ ਪਿੰਡਾਂ ਦੇ ਵਸਨੀਕਾਂ ਨੇ ਡ੍ਰੋਨ ਵੇਖੇ ਸਨ। ਇਸ ਤੋਂ ਬਾਅਦ ਬੀਐਸਐਫ ਨੂੰ ਅਲਰਟ ਕਰ ਦਿੱਤਾ ਗਿਆ ਸੀ। ਉਸ ਸਮੇਂ ਬੀਐਸਐਫ ਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।


ਬੀਐਸਐਫ ਨੇ ਉਸ ਸਮੇਂ ਭਾਰਤ-ਪਾਕਿਸਤਾਨ ਸਰਹੱਦ 'ਤੇ ਰਹਿੰਦੇ ਵਸਨੀਕਾਂ ਨੂੰ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਜ਼ੀਰੋ ਲਾਈਨ 'ਤੇ ਕੋਈ ਅਜੀਬ ਗੱਲ ਜਾਪਦੀ ਹੈ ਤਾਂ ਉਹ ਤੁਰੰਤ ਪੁਲਿਸ ਜਾਂ ਬੀਐਸਐਫ ਅਧਿਕਾਰੀਆਂ ਨੂੰ ਸੂਚਿਤ ਕਰਨ।