ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ ਰਾਜ ਮੱਧ ਪ੍ਰਦੇਸ਼ ਵਿੱਚ ਬੀਐਸਪੀ ਨਾਲ ਗਠਜੋੜ ’ਤੇ ਮੋਹਰ ਲਾ ਦਿੱਤੀ ਹੈ। ਇਸੇ ਸਾਲ ਦੇ ਅੰਤ ਵਿੱਚ ਮੱਧ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਲਈ ਇਹ ਕਾਂਗਰਸ ਦੇ ਵੱਡੇ ਕਦਮ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ।
ਕਾਂਗਰਸ ਪ੍ਰਧਾਨ ਨੇ ਅੱਜ ਚੋਣ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਬੀਜੇਪੀ ਨੂੰ ਹਰਾਉਣ ਲਈ ਚੋਣ ਗਠਜੋੜ ਦੀਆਂ ਸੰਭਾਵਨਾਵਾਂ ’ਤੇ ਮੁੱਖ ਲੀਡਰਾਂ ਨਾਲ ਗੱਲਬਾਤ ਵੀ ਕੀਤੀ ਹੈ। ਇਸੇ ਬੈਠਕ ਵਿੱਚ ਮੱਧ ਪ੍ਰਦੇਸ਼ ਵਿੱਚ ਗਠਜੋੜ ਲਈ ਹਾਮੀ ਭਰੀ ਗਈ ਹੈ।
ਮੱਧ ਪ੍ਰਦੇਸ਼ ਇਕਾਈ ਦੇ ਮੁੱਖ ਸਕੱਤਰ ਦੀਪਕ ਬਾਬਰੀਆ ਨੇ ਇਸ ਗਠਜੋੜ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਗਠਜੋੜ ਬਾਅਦ ਸੀਟਾਂ ਦੀ ਵੰਡ ਦੇ ਮੁੱਦਾ ਅਜੇ ਗੁਪਤ ਰੱਖਿਆ ਜਾਏਗਾ। ਉਨ੍ਹਾਂ ਮੀਡੀਆ ਸਾਹਮਣੇ ਕੁਝ ਦੱਸਣੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧੀ ਫੈਸਲਾ ਹੋਏਗਾ ਤਾਂ ਉਹ ਇਸ ਬਾਰੇ ਦੱਸਣਗੇ।
ਮੱਧ ਪ੍ਰਦੇਸ਼ ਵਿੱਚ ਪਾਰਟੀ ਸੰਗਠਨ ਬਐਸਪੀ ਨਾਲ ਜਿੱਥੇ ਗਠਜੋੜ ਦੇ ਪੱਖ ਵਿੱਚ ਹਨ ਉੱਥੇ ਰਾਜਸਥਾਨ ਇਕਾਈ ਇਸ ਦਾ ਵਿਰੋਧ ਕਰ ਰਹੀ ਹੈ। ਰਾਜਸਥਾਨ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਨੇ ਇਸ ਸਬੰਧੀ ਕਿਹਾ ਕਿ ਉਹ ਰਾਜਸਥਾਨ ਵਿੱਚ ਸਾਰੀਆਂ ਸੀਟਾਂ ਤੋਂ ਬੀਜੇਪੀ ਨੂੰ ਹਰਾਉਣ ਦੇ ਸਮਰਥ ਹਨ।
ਮੱਧ ਪ੍ਰਦੇਸ਼ ਵਿੱਚ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਐਸਪੀ ਨੇ 4 ਸੀਟਾਂ ਜਿੱਤੀਆਂ ਸੀ। ਇਸ ਦੇ ਨਾਲ ਹੀ ਤਕਰੀਬਨ ਇੱਕ ਦਰਜਨ ਸੀਟਾਂ ਨਾਲ ਦੂਜੇ ਸਥਾਨ ’ਤੇ ਸੀ। ਇਸੇ ਤਾਕਤ ਨੂੰ ਵੇਖਦਿਆਂ ਕਾਂਗਰਸ ਇਸ ਪਰਾਟੀ ਨਾਲ ਗਠਜੋੜ ਕਰਨ ਲਈ ਸੰਜੀਦਾ ਦਿਖ ਰਹੀ ਹੈ।