ਹੈਦਰਾਬਾਦ: ਭਗੌੜੇ ਤੇ ਸ਼ਰਾਬੀ ਕਾਰੋਬਾਰੀ ਵਿਜੈ ਮਾਲਿਆ ਨੂੰ ‘ਸਮਾਰਟ’ ਦੱਸਦਿਆਂ ਕੇਂਦਰੀ ਮੰਤਰੀ ਜੁਏਲ ਓਰਾਮ ਨੇ ਅਨੁਸੂਚਿਤ ਜਾਤੀ ਤੇ ਜਨਜਾਤੀਆਂ ਨੂੰ ਸਫ਼ਲ ਐਂਟਰਪਰੀਨਿਉਰ ਬਣਨ ਤੇ ਬੈਂਕਾਂ ਤੋਂ ਕਰਜ਼ਾ ਲੈਣ ਲਈ ਪਹਿਲਾਂ ਵਿਜੈ ਮਾਲਿਆ ਵਾਂਗ ਚਲਾਕ ਬਣਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸਿਰਫ ਹਾਰਡ ਵਰਕਰ ਨਾ ਬਣੋ, ਸਮਾਰਟ ਵਰਕਰ ਬਣੋ। ਜਨਜਾਤੀ ਕਲਿਆਣ ਮੰਤਰੀ ਨੇ ਇੱਥੇ ਨੈਸ਼ਨਲ ਟਰਾਈਬਲ ਐਂਟਰਪਰੀਨਿਉਰ ਕਾਨਕਲੇਵ 2018 ਵਿੱਚ ਕਿਹਾ ਕਿ ਸਰਕਾਰ ਵੱਖ-ਵੱਖ ਯੋਜਨਾਵਾਂ ਦੇ ਮਾਧਿਅਮ ਨਾਲ ਆਦਿਵਾਸੀ ਉੱਦਮੀਆਂ ਨੂੰ ਉਤਸ਼ਾਹਿਤ ਕਰੇਗੀ।
ਇਸ ਦੌਰਾਨ ਕੇਂਦਰੀ ਮੰਤਰੀ ਨੇ ਲੋਕਾਂ ਨੂੰ ਪ੍ਰੇਰਣ ਲਈ ਭਾਰਤੀ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਵਿਜੈ ਮਾਲਿਆ ਨੇ ਗ਼ਲਤ ਕੰਮਾਂ ਵਿੱਚ ਫਸਣ ਤੋਂ ਪਹਿਲਾਂ ਆਪਣੇ ਕਾਰੋਬਾਰ ਨੂੰ ਸਫਲ ਬਣਾਇਆ ਸੀ ਤੇ ਲੋਕਾਂ ਨੂੰ ਉਸ ਦੀ ਸਫਲਤਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀਆਂ ਦੇ ਲੋਕਾਂ ਨੂੰ ਸਿੱਖਿਆ, ਨੌਕਰੀਆਂ ਤੇ ਸਿਆਸਤ ਵਿੱਚ ਰਾਖਵਾਂਕਰਨ ਮਿਲਿਆ ਹੋਇਆ ਹੈ ਪਰ ਨੁਕਸਾਨ ਇਹ ਹੈ ਕਿ ਗਿਆਨ ਤੇ ਪ੍ਰਤਿਭਾ ਦੇ ਮਾਮਲੇ ਵਿੱਚ ਉਨ੍ਹਾਂ ਨਾਲ ਬਾਕੀਆਂ ਦੇ ਬਰਾਬਰ ਦਾ ਵਿਹਾਰ ਨਹੀਂ ਕੀਤਾ ਜਾਂਦਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਾਨੂੰ ਉੱਦਮੀ ਤੇ ਬੁੱਧੀਮਾਨ ਬਣਨਾ ਚਾਹੀਦਾ ਹੈ। ਸਾਨੂੰ ਸਮਾਰਟ ਬਣਨਾ ਚਾਹੀਦਾ ਹੈ, ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਜਾਣਕਾਰੀ ਸ਼ਕਤੀ ਹੈ, ਜਿਨ੍ਹਾਂ ਕੋਲ ਜਾਣਕਾਰੀ ਹੈ, ਉਹ ਸੱਤਾ ਨੂੰ ਕਾਬੂ ਕਰਦੇ ਹਨ।
ਇਸ ਪਿੱਛੋਂ ਉਨ੍ਹਾਂ ਕਿਹਾ ਕਿ ਸਾਰੇ ਵਿਜੈ ਮਾਲਿਆ ਦੀ ਆਲੋਚਨਾ ਕਰਦੇ ਹਨ, ਪਰ ਉਹ ਕੀ ਹੈ? ਉਹ ਬੁੱਧੀਮਾਨ ਹੈ। ਉਸਨੇ ਕੁਝ ਬੁੱਧੀਮਾਨ ਲੋਕਾਂ ਨੂੰ ਨੌਕਰੀ ’ਤੇ ਰੱਖਿਆ। ਉਸ ਨੇ ਇੱਥੇ ਤੇ ਉੱਥੇ, ਬੈਂਕ ਕਰਮੀਆਂ, ਸਿਆਸਤਦਾਨਾਂ ਤੇ ਸਰਕਾਰ ਨਾਲ ਇੱਧਰ-ਉੱਧਰ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਛਾ ਹੈ ਕਿ ਐਸਸੀ ਤੇ ਐਸਟੀ ਸੰਮੇ ਸਮੇਂ ਤਕ ਰੁਜ਼ਗਾਰ ਲੈਣ ਵਾਲੇ ਨਹੀਂ ਰਹਿਣੇ ਚਾਹੀਦੇ, ਉਹ ਰੁਜ਼ਗਾਰ ਦੇਣ ਵਾਲੇ ਹੋਣੇ ਚਾਹੀਦੇ ਹਨ ਤੇ ਲੋਕਾਂ ਨੂੰ ਉਨ੍ਹਾਂ ਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ।