ਨਵੀਂ ਦਿੱਲੀ: ਅਸਮ ਦੀਆਂ ਦੋ ਰੇਲ ਗੱਡੀਆਂ ਵਿੱਚ ਮਹਿਲਾਵਾਂ ਨਾਲ ਕਥਿਤ ਬਲਾਤਕਾਰ 'ਤੇ ਉਨ੍ਹਾਂ ਦੇ ਕਤਲ ਸਬੰਧੀ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪਿੱਛੋਂ ਰੇਲ ਅਧਿਕਾਰੀਆਂ ਤੇ ਸੂਬਾ ਪੁਲਿਸ ਨੇ ਰੇਲ ਯਾਤਰਾ ਦੌਰਾਨ ਸੁਰੱਖਿਆ ਬਣਾਉਣ ਲਈ ਸਖ਼ਤ ਕਦਮ ਚੁੱਕੇ ਹਨ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਵਿਕਾਸ ਦਾਸ ਨੂੰ ਕੱਲ੍ਹ ਸ਼ਾਮ ਤਿਨਸੁਕੀਆ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੇ ਸਾਥੀ ਵਿਪਿਨ ਪਾਂਡੇ ਨੂੰ ਅੱਜ ਸਵੇਰੇ ਬਾਨੀਪੁਰ ਸਟੇਸ਼ਨ ’ਤੇ ਫੜਿਆ ਗਿਆ ਹੈ।
ਅਸਮ ਪੁਲਿਸ ਅਧਿਕਾਰੀ ਕੁਲਧਰ ਸੈਕਿਆ ਨੇ ਦੱਸਿਆ ਕਿ ਸੂਬਾ ਪੁਲਿਸ, ਪੂਰਬ-ਉੱਤਰ ਸੀਮਾਂਤ ਰੇਲਵੇ ਤੇ ਰੇਲਵੇ ਸੁਰੱਖਿਆ ਬਲ ਦੇ ਅਧਿਕਾਰੀ ਨੇ ਬੈਠਕ ਕੀਤੀ ਤੇ ਰੇਲ ਗੱਡੀਆਂ ਤੇ ਸਾਂਝੇ ਤੌਰ ’ਤੇ ਸਟੇਸ਼ਨਾਂ ’ਤੇ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਰੋਕਣ ਲਈ ਪੁਲਿਸ ਹੈਡਕੁਆਟਰ ਵਿੱਚ ਬੈਠਕ ਹੋਈ ਹੈ। ਰੇਲ ਯਾਤਰਾ ਸੁਰੱਖਿਅਤ ਬਣਾਉਣ ਲਈ ਸੂਬੇ ਭਰ ਦੇ ਸਟੇਸ਼ਨਾਂ ਤੇ ਰੇਲਾਂ ਵਿੱਚ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਫੈਸਲਾ ਕੀਤਾ ਗਿਆ ਕਿ ਪਲੇਟਫਾਰਮਾਂ ’ਤੇ ਅਣਅਧਿਕਾਰਿਤ ਵਿਕਰੇਤਾਵਾਂ ਤੇ ਲੋਕਾਂ ਦੇ ਆਉਣ-ਜਾਣ ’ਤੇ ਰੋਕ ਲਾਈ ਜਾਏਗੀ। ਅਪਾਹਜਾਂ ਦੇ ਡੱਬਿਆਂ ਨੂੰ ਹੋਰ ਸੁਰੱਖਿਅਤ ਕੀਤਾ ਜਾਏਗਾ ਤੇ ਉਨ੍ਹਾਂ ਵਿੱਚ ਦੂਜੇ ਲੋਕਾਂ ਦੀ ਪਹੁੰਚ ’ਤੇ ਵੀ ਰੋਕ ਲਾਈ ਜਾਏਗੀ।
10 ਤੇ 11 ਜੁਲਾਈ ਨੂੰ ਰੇਲ ਗੱਡੀਆਂ ਦੇ ਪਖ਼ਾਨਿਆਂ ਵਿੱਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਸਨ। ਦੋਵਾਂ ਦਾ ਕਤਲ ਇੱਕੋ ਤਰੀਕੇ ਨਾਲ ਕੀਤਾ ਗਿਆ ਸੀ ਤੇ ਦੋਵਾਂ ਨਾਲ ਕਥਿਤ ਬਲਾਤਕਾਰ ਵੀ ਹੋਇਆ ਸੀ। ਆਰਪੀਐਫ ਨੇ ਸ਼ੁੱਕਰਵਾਰ ਨੂੰ ਦਾਸ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਉਸ ਨੇ ਪਾਂਡੇ ਨੂੰ ਦੋਵਾਂ ਘਟਨਾਵਾਂ ਵਿੱਚ ਆਪਣਾ ਸਾਥੀ ਦੱਸਿਆ ਸੀ।