ਨਵੀਂ ਦਿੱਲੀ: ਰਾਜਸਭਾ ਦੀ ਮੈਂਬਰਸ਼ਿਪ ਲਈ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਚਾਰ ਨਾਵਾਂ 'ਚ ਆਰਐਸਐਸ ਵਿਚਾਰਕ ਰਾਕੇਸ਼ ਸਿਨਹਾ, ਉੜੀਸਾ ਦੇ ਵਾਸਤੂਕਾਰ ਰਘੂਨਾਥ ਮਹਾਪਾਤਰਾ, ਕਲਾਸੀਕਲ ਡਾਂਸਰ ਸੋਨਲ ਮਾਨ ਸਿੰਘ ਤੇ ਦਲਿਤਾਂ ਲਈ ਕੰਮ ਕਰਨ ਵਾਲੇ ਰਾਮਸਕਲ ਸ਼ਾਮਿਲ ਹਨ। ਇਸ ਵਾਰ ਨਾਮਜ਼ਦ ਕੀਤੇ ਗਏ ਮੈਂਬਰਾਂ 'ਚ ਖੇਡ ਤੇ ਸਿਨੇਮਾ ਜਗਤ ਦੇ ਕਿਸੇ ਦਿੱਗਜ਼ ਦਾ ਨਾਂ ਸ਼ਾਮਿਲ ਨਹੀਂ ਕੀਤਾ ਗਿਆ।


ਜਾਣਕਾਰੀ ਮੁਤਾਬਕ ਸੰਵਿਧਾਨ ਦੇ ਆਰਟੀਕਲ 80 ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਪ੍ਰਧਾਨ ਮੰਤਰੀ ਦੀ ਸਲਾਹ 'ਤੇ ਰਾਸ਼ਟਰਪਤੀ ਨੇ ਇਨ੍ਹਾਂ ਚਾਰਾਂ ਦੇ ਨਾਂ ਰਾਜਸਭਾ ਲਈ ਨਾਮਜ਼ਦ ਕੀਤੇ ਹਨ। ਜ਼ਿਕਰਯੋਗ ਹੈ ਕਿ ਰਾਜਸਭਾ 'ਚ 12 ਸੀਟਾਂ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਜਾਣ ਲਈ ਹੁੰਦੀਆਂ ਹਨ ਤੇ ਰਾਸ਼ਟਰਪਤੀ ਵੱਲੋਂ ਨਾਮਜ਼ਦ ਇਹ ਚਾਰੇ ਹਸਤੀਆਂ ਆਪੋ-ਆਪਣੇ ਖੇਤਰ 'ਚ ਖਾਸ ਪਛਾਣ ਰੱਖਦੀਆਂ ਹਨ।


ਰਾਕੇਸ਼ ਸਿਨਹਾ


ਰਾਕੇਸ਼ ਸਿਨਹਾ ਦਿੱਲੀ ਸਥਿਤ ਵਿਚਾਰ ਸਮੂਹ ਇੰਡੀਆ ਪਾਲਿਸੀ ਫਾਊਂਡੇਸ਼ਨ ਦੇ ਸੰਸਥਾਪਕ ਤੇ ਮਾਨਵ ਨਿਰਦੇਸ਼ਕ ਹਨ। ਉਹ ਦਿੱਲੀ ਯੂਨੀਵਰਸਿਟੀ 'ਚ ਮੋਤੀਲਾਲ ਨਹਿਰੂ ਕਾਲਜ 'ਚ ਪ੍ਰੋਫੈਸਰ ਤੇ ਭਾਰਤੀ ਸਮਾਜਿਕ ਵਿਗਿਆਨ ਖੋਜ ਸੰਸਥਾਨ ਦੇ ਮੈਂਬਰ ਹਨ।


ਰਾਮ ਸਕਲ ਸਿੰਘ


ਉੱਤਰ ਪ੍ਰਦੇਸ਼ ਦੇ ਰਾਮ ਸਕਲ ਸਿੰਘ ਨੇ ਦਲਿਤ ਭਾਈਚਾਰੇ ਦੇ ਕਲਿਆਣ ਤੇ ਬਿਹਤਰੀ ਲਈ ਕਈ ਕੰਮ ਕੀਤੇ ਹਨ। ਉਹ ਤਿੰਨ ਵਾਰ ਸੰਸਦ ਮੈਂਬਰ ਰਹੇ ਤੇ ਉੱਤਰ ਪ੍ਰਦੇਸ਼ ਦੇ ਰਾਬਟਰਸਗੰਜ ਦੀ ਅਗਵਾਈ ਕੀਤੀ ਸੀ।


ਸੋਨਲ ਮਾਨ ਸਿੰਘ


ਸੋਨਲ ਮਾਨ ਸਿੰਘ ਪ੍ਰਸਿੱਧ ਭਰਤਨਾਟਿਅਮ ਤੇ ਉੜੀਸੀ ਨ੍ਰਿਤ ਕਲਾਕਾਰ ਹੈ। ਉਹ ਪਿਛਲੇ 6 ਦਹਾਕਿਆਂ ਤੋਂ ਭਰਤਨਾਟਿਅਮ ਤੇ ਉੜੀਸੀ ਨ੍ਰਿਤ ਪੇਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਦੀ ਟ੍ਰਸਟੀ ਤੇ ਸੈਂਟਰਲ ਅਡਵਾਇਜ਼ਰੀ ਬੋਰਡ ਆਫ ਕਲਚਰ ਦੀ ਮੈਂਬਰ ਹੈ।


ਰਘੂਨਾਥ ਮਹਾਪਾਤਰ


ਰਘੂਨਾਥ ਮਹਾਪਾਤਰ ਦੀ ਰਵਾਇਤੀ ਆਰਟੀਟੈਕਚਰ ਤੇ ਵਿਰਾਸਤ ਨੂੰ ਸਾਂਭਣ 'ਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੇ ਪ੍ਰਸਿੱਧ ਕੰਮਾਂ 'ਚ ਛੇ ਫੁੱਟ ਲੰਮੇ ਭਗਵਾਨ ਸੂਰਜ ਦੀ ਸੰਸਦ ਦੇ ਸੈਂਟਰਲ ਹਾਲ 'ਚ ਸਥਿਤ ਤਸਵੀਰ ਤੇ ਪੈਰਿਸ 'ਚ ਬੁੱਧ ਮੰਦਰ 'ਚ ਲੱਕੜ ਨਾਲ ਬਣੇ ਬੁੱਧ ਸ਼ਾਮਿਲ ਹਨ।