ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਮਜ਼ਬੂਤ ਦੇਸ਼ ਲਈ ਮਜ਼ਬੂਤ ਨਾਗਰਿਕ ਹੈ। ਪਿਛਲੇ ਕਾਰਜਕਾਲ ਵਿੱਚ ਉਨ੍ਹਾਂ ਜੋ ਮੈਗਾ ਪ੍ਰੋਜੈਕਟਸ ਸ਼ੁਰੂ ਕੀਤੇ ਸੀ, ਉਨ੍ਹਾਂ ਨੂੰ ਅੱਗੇ ਵਧਾਉਣ ਦਾ ਵੇਲਾ ਹੈ।


ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਪੰਜ ਸਾਲਾਂ ਵਿੱਚ 2.7 ਟ੍ਰਿਲੀਅਨ ਡਾਲਰ ਤਕ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ ਹੈ। 5 ਟ੍ਰਿਲੀਅਨ ਇਕਾਨਮੀ ਹਾਸਲ ਕਰਨ ਲਈ ਕੁਝ ਟੀਚੇ ਹਨ। ਇਸ ਵਿੱਤੀ ਸਾਲ ਵਿੱਚ 3 ਟ੍ਰਿਲੀਅਨ ਡਾਲਰ ਦਾ ਟੀਚਾ ਰੱਖਿਆ ਗਿਆ ਹੈ। ਭਾਰਤ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕਈ ਢਾਂਚਾਗਤ ਸੁਧਾਰ ਕੀਤੇ ਹਨ ਤੇ ਹਾਲੇ ਕਈ ਸੁਧਾਰ ਕਰਨੇ ਹਨ।

ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਨ੍ਹਾਂ 10 ਟੀਚੇ ਤੈਅ ਕੀਤੇ ਹਨ। ਪਹਿਲਾ ਟੀਚਾ ਭੌਤਿਕ ਸੰਰਚਨਾ ਦਾ ਵਿਕਾਸ ਤੇ ਦੂਜਾ ਡੀਜੀਟਲ ਇੰਡੀਆ ਨੂੰ ਅਰਥ ਵਿਵਸਥਾ ਦੇ ਹਰ ਖੇਤਰ ਤਕ ਪਹੁੰਚਾਉਣਾ ਹੈ। ਤੀਜਾ ਹਰੀ ਮਾਤਭੂਮੀ ਤੇ ਪ੍ਰਦੂਸ਼ਣ ਮੁਕਤ ਭਾਰਤ। ਚੌਥਾ ਲਕਸ਼ MSME, ਸਟਾਰਟਅੱਪ, ਡਿਫੈਂਸ, ਆਟੋ ਤੇ ਹੈਲਥ ਸੈਕਟਰ 'ਤੇ ਜ਼ੋਰ ਦੇਣਾ ਹੈ। ਪੰਜਵਾਂ ਜਲ ਪ੍ਰਧਾਨ ਤੇ ਸਵੱਛ ਨਦੀਆਂ।

ਇਸ ਤਰ੍ਹਾਂ ਮੋਦੀ ਸਰਕਾਰ ਦੇ ਛੇਵਾਂ ਉਦੇਸ਼ ਬਲੂ ਇਕਾਨਮੀ ਤੇ ਸੱਤਵਾਂ ਉਦੇਸ਼ ਗਗਨਯਾਨ ਤੇ ਚੰਦਰਯਾਨ ਮਿਸ਼ਨ ਹੈ। ਅੱਠਵਾਂ ਮਿਸ਼ਨ ਅਨਾਜ ਤੇ ਨੌਵਾਂ ਸਿਹਤਮੰਦ ਸਮਾਜ, ਆਯੁਸ਼ਮਾਨ ਭਾਰਤ ਤੇ ਸੁਪੋਸ਼ਿਤ ਮਹਿਲਾਵਾਂ ਤੇ ਬੱਚੇ। 10ਵਾਂ ਟੀਚਾ ਜਨਭਾਗੀਦਾਰੀ, ਨਿਊਨਤਮ ਸਰਕਾਰ ਤੇ ਜ਼ਿਆਦਾ ਸ਼ਾਸਨ।