ਨਵੀਂ ਦਿੱਲੀ: ਪਿਛਲੇ ਹਫ਼ਤੇ ਹੋਈ ਬੁਲੰਦਸ਼ਹਿਰ ਹਿੰਸਾ ਵਿੱਚ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਸਮੇਤ 2 ਜਣਿਆਂ ਦੀ ਮੌਤ ਹੋ ਗਈ ਸੀ। ਇਸ ਹਿੰਸਾ ਦੇ ਮੁੱਖ ਮੁਲਜ਼ਮ ਨੂੰ ‘ਏਬੀਪੀ ਨਿਊਜ਼’ ਨੇ ਲੱਭਿਆ। ਬੀਜੇਪੀ ਯੁਵਾ ਮੋਰਚਾ ਦੇ ਸਿਆਨਾ ਇਕਾਈ ਦੇ ਪ੍ਰਧਾਨ ਸ਼ਿਖਰ ਅਗਰਵਾਲ ’ਤੇ ਭੀੜ ਨੂੰ ਉਕਸਾਉਣ ਦੇ ਇਲਜ਼ਾਮ ਲੱਗੇ ਸਨ। ਕਿਹਾ ਜਾ ਰਿਹਾ ਹੈ ਕਿ ਅਗਰਵਾਲ ਦੇ ਉਕਸਾਉਣ ਬਾਅਦ ਹੀ ਭੀੜ ਨੇ ਹਿੰਸਾ ਕੀਤੀ।
‘ਏਬੀਪੀ ਨਿਊਜ਼’ ਨਾਲ ਐਕਸਕਲੂਸਿਵ ਗੱਲ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਉਸ ਨੇ ਇੰਸਪੈਕਟਰ ਸੁਬੋਧ ਸਿੰਘ ਜਾਂ ਕਿਸੇ ਹੋਰ ਦਾ ਕਤਲ ਨਹੀਂ ਕੀਤਾ। ਇਹ ਸਭ ਭੀੜ ਦਾ ਕੰਮ ਸੀ। ਜਦੋਂ ਖੇਤ ਵਿੱਚ ਗਊ ਹੱਤਿਆ ਦੀ ਖ਼ਬਰ ਮਿਲੀ ਤਾਂ ਉਹ ਸਭ ਖੇਤ ਵਿੱਚ ਪੁੱਜੇ।ਉਸ ਦੇ ਬਾਅਦ ਉੱਥੇ ਭੀੜ ਇਕੱਠੀ ਹੋ ਗਈ। ਸ਼ੁਰੂਆਤ ਵਿੱਚ ਕਰੀਬ 80 ਲੋਕ ਸਨ ਜੋ ਬਾਅਦ ਵਿੱਚ ਵਧਦੇ ਗਏ। ਇੱਕ ਘੰਟੇ ਤਕ ਵੀ ਕਾਰਵਾਈ ਨਾ ਹੋਣ ਬਾਅਦ ਭੀੜ ਨੇ ਹੰਗਾਮਾ ਮਚਾ ਦਿੱਤਾ।
ਸੁਬੋਧ ਨੇ ਕਿਹਾ ਕਿ ਉਸ ਨੇ ਤੇ ਗੁਰੂ ਜੀ ਨੇ ਭੀੜ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਸ ਦੀ ਇੱਕ ਨਾ ਸੁਣੀ। ਪੁਲਿਸ ਅਧਿਕਾਰੀ ਵੀ ਗੱਲ ਨਹੀਂ ਕਰ ਰਹੇ ਸੀ ਤੇ ਨਾ ਹੀ ਸੀਨੀਅਰ ਅਧਿਕਾਰੀਆਂ ਨੂੰ ਬੁਲਾਇਆ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਇੰਸਪੈਕਟਰ ਸੁਬੋਧ ਨੇ ਗਾਂ ਦੇ ਸਰੀਰ ਨੂੰ ਦਫਨ ਕਰਨ ਲਈ ਕਿਹਾ ਸੀ ਜਿਸ ਲਈ ਉਸ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਜੇ ਮ੍ਰਿਤਕ ਗਾਂ ਨੂੰ ਦੱਬ ਦਿੰਦੇ ਤਾਂ ਗਊ ਹੱਤਿਆ ਦਾ ਕੇਸ ਕਿਵੇਂ ਦਰਜ ਹੁੰਦਾ। ਇਸ ’ਤੇ ਉਨ੍ਹਾਂ ਨੂੰ ਕਈ ਲੋਕਾਂ ਨੇ ਧਮਕੀ ਦਿੱਤੀ ਜਿਸ ਕਰਕੇ ਭੀੜ ਹੋਰ ਭੜਕ ਗਈ।
ਉਸ ਨੇ ਦੱਸਿਆ ਕਿ ਇਸ ਤਰੀਕੇ ਨਾਲ ਇੰਸਪੈਕਟਰ ਸੁਬੋਧ ਸਿੰਘ ਨੇ ਹੀ ਭੀੜ ਨੂੰ ਉਕਸਾਇਆ। ਉਨ੍ਹਾਂ ਕਿਹਾ ਸੀ ਕਿ ਜੇ ਲੋਕ ਨਹੀਂ ਹਟੇ ਤਾਂ ਉਹ ਗੋਲ਼ੀ ਚਲਾ ਦੇਣਗੇ। ਇਸ ਦੇ ਬਾਅਦ ਹੀ ਭੀੜ ਹਿੰਸਕ ਹੋ ਗਈ। ਕਰੀਬ 600 ਲੋਕਾਂ ਨੂੰ ਕਾਬੂ ਕਰਨ ਲਈ 30 ਪੁਲਿਸ ਮੁਲਾਜ਼ਮ ਕਾਫੀ ਨਹੀਂ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਕਿਸੇ ਜੀਤੂ ਫੌਜੀ ਨੂੰ ਨਹੀਂ ਜਾਣਦਾ, ਜਿਸ ਬੰਦੇ ਨੂੰ ਭੀੜ ਫੌਜੀ-ਫੌਜੀ ਕਹਿ ਕੇ ਨਾਅਰੇ ਲਾ ਰਹੀ ਸੀ ਉਹ ਗੋਰਾ ਤੇ ਚੰਗੇ ਕੱਦ ਦਾ ਸ਼ਖ਼ਸ ਸੀ। ਪਰ ਉਹ ਇਹ ਨਹੀਂ ਜਾਣਦਾ ਕਿ ਜਿਸ ਜਤੇਂਦਰ ਫੌਜੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਉਹ ਉਹੀ ਸ਼ਖ਼ਸ ਹੈ ਜਾਂ ਨਹੀਂ।