ਨਵੀਂ ਦਿੱਲੀ: ਇੱਥੋਂ ਦੇ ਬੁਰਾੜੀ ਇਲਾਕੇ 'ਚ ਇੱਕੋ ਪਰਿਵਾਰ ਦੇ 11 ਲੋਕਾਂ ਦੀ ਮੌਤ ਤੋਂ ਬਾਅਦ ਕੱਲ੍ਹ ਸ਼ਾਮ ਪਰਿਵਾਰ ਦੇ ਕੁੱਤੇ ਦੀ ਵੀ ਮੌਤ ਹੋ ਗਈ। ਮਾਲਕਾਂ ਦੀ ਮੌਤ ਤੋਂ ਬਾਅਦ ਕੁੱਤੇ ਨੂੰ ਡਾਗ ਸ਼ੈਲਟਰ ਹੋਮ 'ਚ ਰੱਖਿਆ ਗਿਆ ਸੀ ਜਿੱਥੇ ਕੱਲ੍ਹ ਸ਼ਾਮ 6 ਵਜੇ ਉਸ ਦੀ ਮੌਤ ਹੋ ਗਈ।


ਇਸ ਤੋਂ ਪਹਿਲਾਂ ਸਵਾਲ ਉੱਠੇ ਸਨ ਕਿ ਜਦੋਂ ਪਰਿਵਾਰ ਦੇ ਸਾਰੇ ਜੀਅ ਫਾਂਸੀ 'ਤੇ ਲਟਕ ਰਹੇ ਜਨ ਤਾਂ ਉਸ ਵੇਲੇ ਉੱਥੇ ਮੌਜੂਦ ਪਾਲਤੂ ਕੁੱਤਾ ਭੌਂਕਿਆ ਕਿਉਂ ਨਹੀਂ ਸੀ। ਇਸ ਦੇ ਜਵਾਬ 'ਚ ਹਾਊਸ ਫਾਰ ਐਨੀਮਲਸ ਦੇ ਸੰਸਥਾਪਕ ਸੰਜੇ ਮਹਾਪਾਤਰਾ ਨੇ ਦੱਸਿਆ ਸੀ ਕਿ ਘਟਨਾ ਤੋਂ ਕਰੀਬ 24 ਘੰਟੇ ਪਹਿਲਾਂ ਤੋਂ ਕੁੱਤੇ ਨੂੰ ਕੁਝ ਨਹੀਂ ਖਵਾਇਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਸ਼ਾਇਦ ਕੁੱਤੇ ਨੂੰ ਨੀਂਦ ਦੀਆਂ ਗੋਲੀਆਂ ਵੀ ਦਿੱਤੀਆਂ ਸੀ।

ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਵਾਲਿਆਂ ਨੇ ਕਈ ਵਾਰ ਕੁੱਤੇ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਪੰਜ ਫੁੱਟ ਤੱਕ ਆਪਣੇ ਕੋਲ ਕਿਸੇ ਨੂੰ ਆਉਣ ਨਹੀਂ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਕੁੱਤਾ ਕਾਫੀ ਗੁੱਸੇ 'ਚ ਸੀ।ਇੱਥੋਂ ਤੱਕ ਕਿ ਜਦੋਂ ਉਹ ਆਪਣੇ ਨਾਲ ਲੈਕੇ ਗਏ ਤਾਂ ਵੀ ਕੁੱਤੇ 'ਤੇ ਕਾਬੂ ਪਾਉਣ 'ਚ ਪੌਣਾ ਘੰਟਾ ਲੱਗ ਗਿਆ ਸੀ।

ਤਣਾਅ 'ਚ ਸੀ ਕੁੱਤਾ

ਮਹਾਪਾਤਰਾ ਨੇ ਦੱਸਿਆ ਕਿ ਕੁੱਤਾ ਆਪਣੇ ਮਾਲਕਾਂ ਦੀ ਮੌਤ ਦੀ ਪੂਰੀ ਘਟਨਾ ਦੇਖ ਚੁੱਕਾ ਸੀ ਤੇ 24 ਘੰਟੇ ਤੋਂ ਉਸਨੂੰ ਖਾਣ ਲਈ ਕੁੱਝ ਨਹੀਂ ਦਿੱਤਾ ਗਿਆ ਸੀ ਜਿਸ ਕਾਰਨ ਉਹ ਤਣਾਅ 'ਚ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕੁੱਤੇ ਨੂੰ ਆਪਣੇ ਨਾਲ ਸ਼ੈਲਟਰ ਹੋਮ ਲੈਕੇ ਆਏ ਸਨ ਤਾਂ ਉਸਨੂੰ 108 ਡਿਗਰੀ ਬੁਖਾਰ ਸੀ, ਲਿਵਰ 'ਚ ਇਨਫੈਕਸ਼ਨ ਸੀ ਤੇ ਪਲੇਟਲੈਟਸ ਵੀ ਕਾਫੀ ਘੱਟ ਸਨ। ਉਨ੍ਹਾਂ ਦੱਸਿਆ ਕਿ ਕੁੱਤੇ ਨੂੰ ਇਲਾਜ ਦੌਰਾਨ ਕਈ ਤਰ੍ਹਾਂ ਦੀ ਥੈਰੇਪੀ ਦਿੱਤੀ ਗਈ ਤੇ ਹੁਣ ਉਸਦੀ ਸਿਹਤ 'ਚ 90 ਫੀਸਦੀ ਸੁਧਾਰ ਸੀ।

ਕੁੱਤੇ ਦੀ ਮੌਤ 'ਤੇ ਉੱਠੇ ਸਵਾਲ

ਪਹਿਲਾਂ ਤੋਂ ਹੀ ਇੱਕੋ ਪਰਿਵਾਰ ਦੇ 11 ਲੋਕਾਂ ਦੀ ਮੌਤ ਦੀ ਗੁੱਥੀ ਅਜੇ ਸੁਲਝੀ ਨਹੀਂ ਸੀ ਕਿ ਕੁੱਤੇ ਦੀ ਮੌਤ ਨਾਲ ਮਾਮਲਾ ਹੋਰ ਗਹਿਰਾ ਹੋ ਗਿਆ। ਹੁਣ ਇਲ ਮਾਮਲੇ 'ਚ ਕੁੱਤੇ ਦੀ ਮੌਤ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ। ਭਾਵੇਂ ਕਿ ਕਿਹਾ ਜਾ ਰਿਹਾ ਹੈ ਕਿ ਕੁੱਤਾ ਤਣਾਅ 'ਚ ਸੀ ਪਰ ਉਸ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਚੱਲੇਗਾ।