ਅੰਮ੍ਰਿਤਸਰ: ਸਰਹੱਦੀ ਇਲਾਕਿਆਂ ਵਿੱਚ ਨਸ਼ਿਆਂ ਦੇ ਟਾਕਰੇ ਲਈ ਐਮਪੀ ਗੁਰਜੀਤ ਔਜਲਾ ਸੰਸਦ ਵਿੱਚ ਮਾਨਸੂਨ ਸੈਸ਼ਨ ਦੌਰਾਨ ਕੇਂਦਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕਰਨਗੇ। ਔਜਲਾ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਸ਼ਿਆਂ ਵਿੱਚ ਲੱਗੇ ਨੌਜਵਾਨਾਂ ਦਾ ਧਿਆਨ ਖੇਡਾਂ ਵੱਲ ਦਿਵਾਉਣ ਦੀ ਲੋੜ ਹੈ, ਜੋ ਕੇਂਦਰੀ ਸਹਾਇਤਾ ਨਾਲ ਸੰਭਵ ਹੈ।


ਐਮਪੀ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਬਠਿੰਡਾ ਤੇ ਬਿਆਸ ਤੋਂ ਕਾਦੀਆਂ ਰੇਲ ਲਿੰਕ ਦਾ ਲਟਕਿਆ ਕੰਮ ਪੂਰਾ ਕਰਵਾਉਣ ਲਈ ਉਹ ਕੇਂਦਰ ਸਰਕਾਰ ਉਤੇ ਦਬਾਅ ਪਾਉਣਗੇ। ਸੋਮਵਾਰ ਨੂੰ ਔਜਲਾ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ 'ਤੇ ਸਵਾਲ ਕਰਨਗੇ। ਸੰਸਦ ਮੈਂਬਰ ਦਾ ਸਵਾਲ ਪ੍ਰਸ਼ਨਕਾਲ ਵਿੱਚ ਲੱਗੇਗਾ।

ਗੁਰਜੀਤ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਸਰਹੱਦੀ ਜ਼ਿਲ੍ਹਿਆਂ ਲਈ ਗ੍ਰਾਂਟ ਮੰਗੀ ਜਾਵੇਗੀ ਤਾਂ ਜੋ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕੀਤਾ ਜਾ ਸਕੇ ਤੇ ਨੌਜਵਾਨਾਂ ਦਾ ਧਿਆਨ ਖੇਡਾਂ ਵੱਲ ਲਿਆਂਦਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਖੇਡਾਂ ਦਾ ਸਾਮਾਨ ਦਿਵਾਉਣ ਲਈ ਗ੍ਰਾਂਟ ਰਿਲੀਜ਼ ਕੀਤੀ ਜਾਵੇ।