ਨਵੀਂ ਦਿੱਲੀ: 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪਹਿਲੀ ਵਾਰ ਹੋ ਰਹੀ CWC ਦੀ ਬੈਠਕ ਵਿੱਚ ਦੂਜੀਆਂ ਪਾਰਟੀਆਂ ਨਾਲ ਗਠਜੋੜ ਕਰਨ ਤੇ ਰਾਹੁਲ ਗਾਂਧੀ ਨੂੰ ਗਠਜੋੜ ਦੀ ਰੂਪ-ਰੇਖਾ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਕਾਂਗਰਸ ਦੀ ਸੀਨੀਅਰ ਲੀਡਰ ਸੋਨੀਆ ਗਾਂਧੀ ਨੇ ਕਿਹਾ ਕਿ ਲੋਕਤੰਤਰ ਬਚਾਉਣ ਲਈ ਇੱਕ ਸਮਾਨ ਵਿਚਾਰਧਾਰਾ ਵਾਲੇ ਦਲਾਂ ਨੂੰ ਨਿੱਜੀ ਇੱਛਾਵਾਂ ਛੱਡ ਕੇ ਇੱਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਪੀਐਮ ਦਾ ਨਾਂ ਲਏ ਬਗ਼ੈਰ ਕਮਲਨਾਥ ਤੇ ਚਿਦੰਬਰਮ ਨੂੰ ਕਿਹਾ ਕਿ RSS ਤੇ ਉਸ ਦੀ ਵਿਚਾਰਧਾਰਾ ਨਾਲ ਲੜਨਾ ਹੈ।
ਸਚਿਨ ਪਾਇਲਟ, ਸ਼ਕਤੀ ਸਿੰਘ ਗੋਹਿਲ ਤੇ ਚੇਨਿਥਲਾ ਵਰਗੇ ਲੀਡਰਾਂ ਨੇ ਕਿਹਾ ਕਿ ਪਾਰਟੀ ਨੂੰ ਰਣਨੀਤਕ ਗਠਜੋੜ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗਠਜੋੜ ਦੇ ਕੇਂਦਰ ਵਿੱਚ ਕਾਂਗਰਸ ਹੋਏ। ਲੀਡਰਾਂ ਦਾ ਕਹਿਣਾ ਸੀ ਕਿ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇ ਤੇ ਰਾਹੁਲ ਗਾਂਧੀ ਗਠਜੋੜ ਦਾ ਚਿਹਰਾ ਹੋਏ।
ਖਾਸ ਗੱਲ ਇਹ ਹੈ ਕਿ ਸੋਨੀਆ ਗਾਂਧੀ ਤੋਂ ਲੈ ਕੇ ਪਾਰਟੀ ਦੇ ਸੀਨੀਅਰ ਲੀਡਰ ਪੀ ਚਿਦੰਬਰਮ ਨੇ ਵੀ ਗਠਜੋੜ ’ਤੇ ਜ਼ੋਰ ਦਿੱਤਾ। ਚਿਦੰਬਰਮ ਨੇ ਤਰਕ ਦਿੱਤਾ ਹੈ ਕਿ 12 ਸੂਬਿਆਂ ਵਿੱਚ ਪਾਰਟੀ ਆਪਣੇ ਦਮ ’ਤੇ ਸਾਂਸਦਾਂ ਦੇ ਗਿਣਤੀ ਦੁਗਣੀ ਕਰ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਵਿੱਚ ਸਾਥੀਆਂ ਨਾਲ ਬੀਜੇਪੀ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿਦੰਬਰਮ ਦੇ ਇਸ ਤਰਕ ਦਾ ਸਮਰਥਨ ਕੀਤਾ।
- ਮੋਦੀ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਉਨ੍ਹਾਂ ਦੀਆਂ ਨਾਕਾਮਯਾਬੀਆਂ ਨੂੰ ਲੋਕਾਂ ਤਕ ਲੈ ਕੇ ਜਾਣਾ ਹੈ।
- ਚਿਦੰਬਰਮ ਨੇ ਗਠਜੋੜ ਸਬੰਧੀ ਪ੍ਰੈਜ਼ੈਂਟੇਸ਼ਨ ਵੀ ਦਿੱਤੀ। ਉਨ੍ਹਾਂ ਤਰਕ ਦਿੱਤਾ ਕਿ 12 ਸੂਬਿਆਂ ਵਿੱਚ ਪਾਰਟੀ ਮਜ਼ਬੂਤ ਹੈ ਤੇ 150 ਸੀਟਾਂ ਜਿੱਤੀਆਂ ਜਾ ਸਕਦੀਆਂ ਹਨ।
- ਸੋਨੀਆ ਗਾਂਧੀ ਨੇ ਲੋਕਤੰਤਰ ਬਚਾਉਣ ਲਈ ਸਮਾਨ ਸੋਚ ਵਾਲੀਆਂ ਪਾਰਟੀਆਂ ਨੂੰ ਨਿੱਜੀ ਇੱਛਾਵਾਂ ਛੱਡ ਕੇ ਇੱਕਜੁੱਟ ਹੋਣ ਲਈ ਕਿਹਾ।
- ਬੈਠਕ ਦੌਰਾਨ ਸਾਰਿਆਂ ਲੀਡਰਾਂ ਨੇ ਮੋਦੀ ਦਾ ਨਾਂ ਲੈਣੋਂ ਪਰਹੇਜ਼ ਕੀਤਾ।