ਨਵੀਂ ਦਿੱਲੀ: ਲਖਨਊ-ਨਵੀਂ ਦਿੱਲੀ-ਲਖਨਊ ਵਿਚਾਲੇ ਸ਼ੁਰੂ ਹੋਈ ਤੇਜਸ ਐਕਸਪ੍ਰੈੱਸ ਨੂੰ ਲਗਪਗ ਤਿੰਨ ਹਫਤੇ ਬੀਤ ਚੁੱਕੇ ਹਨ, ਪਰ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਟ੍ਰੇਨ ਦੀਆਂ ਕੈਬਿਨ ਹੋਸਟੈਸ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੀ ਪ੍ਰੇਸ਼ਾਨੀ ਦੀ ਵਜ੍ਹਾ ਕੁਝ ਅਜਿਹੇ ਯਾਤਰੀ ਹਨ ਜੋ ਉਨ੍ਹਾਂ ਦੀਆਂ ਫੋਟੋਆਂ ਖਿੱਚਦੇ ਹਨ, ਵੀਡੀਓ ਬਣਾਉਂਦੇ ਹਨ ਤੇ ਇਸ ਕਰਕੇ ਉਹ ਅਸਹਿਜ ਹੋ ਜਾਂਦੀਆਂ ਹਨ।


ਰੇਲ ਵਿੱਚ ਕੰਮ ਕਰਨ ਵਾਲੀ ਇਕ ਹੋਸਟੇਸ ਨੇ ਕਿਹਾ, 'ਜਦੋਂ ਅਸੀਂ ਯਾਤਰੀਆਂ ਨੂੰ ਕੁਝ ਸਰਵ ਕਰਦੀਆਂ ਹਾਂ ਤਾਂ ਉਨ੍ਹਾਂ ਵਿੱਚੋਂ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣਾ ਕੈਮਰਾ ਸਾਡੇ ਵੱਲ ਉੱਪਰ ਨੂੰ ਰੱਖ ਕੇ ਉਨ੍ਹਾਂ ਦੀਆਂ ਫੋਟੋਆਂ ਖਿੱਚਦੇ ਹਨ ਤੇ ਵੀਡੀਓ ਬਣਾਉਂਦੇ ਹਨ।

ਇੰਨਾ ਹੀ ਨਹੀਂ, ਯਾਤਰੀ ਕੁੜੀਆਂ ਨਾਲ ਸੈਲਫੀ ਵੀ ਲੈਂਦੇ ਹਨ ਜਿਸ ਨੂੰ ਉਹ ਚਾਹ ਕੇ ਵੀ ਇਨਕਾਰ ਨਹੀਂ ਕਰ ਸਕਦੀਆਂ। ਕਈ ਵਾਰ ਤਾਂ ਮੁਸਾਫਰ ਬਿਨਾ ਵਜ੍ਹਾ ਬਟਨ ਦਬਾ ਕੇ ਹੋਸਟੈਸ ਨੂੰ ਬੁਲਾ ਲੈਂਦੇ ਹਨ। ਲੜਕੀ ਜਾਂ ਮਹਿਲਾ ਲਈ ਇਹ ਸਥਿਤੀ ਕਿੰਨੀ ਪ੍ਰੇਸ਼ਾਨ ਕਰਨ ਵਾਲੀ ਹੋਵੇਗੀ, ਇਹ ਸੋਚਣ ਵਾਲੀ ਗੱਲ ਹੈ।

ਇਹ ਮਾਮਲਾ ਇੱਥੋਂ ਤੱਕ ਹੀ ਸੀਮਤ ਨਹੀਂ, ਹੋਸਟੈਸ ਤੋਂ ਮੋਬਾਈਲ ਨੰਬਰ ਮੰਗਣ ਤਕ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀਆਂ ਹਰਕਤਾਂ ਸਿੱਧੇ ਤੌਰ 'ਤੇ ਮਾਨਸਿਕਤਾ ਨਾਲ ਜੁੜੀਆਂ ਹਨ। ਇਹ ਦੱਸਦਾ ਹੈ ਕਿ ਬਤੌਰ ਵਿਅਕਤੀ ਇੱਕ ਸ਼ਖ਼ਸ ਕਿਹੋ ਜਿਹਾ ਹੈ।