India Canada Dispute: ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇੱਕ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਆਪਣੇ ਦਾਅਵੇ 'ਤੇ ਦ੍ਰਿੜ੍ਹ ਹਨ ਤੇ ਦੂਜੇ ਪਾਸੇ ਭਾਰਤ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਹੈ। ਭਾਰਤ ਨੇ ਇਸ ਬਾਰੇ ਸਬੂਤ ਮੰਗੇ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਹੋਰ ਵੱਡਾ ਦਾਅਵਾ ਕਰ ਮਾਰਿਆ। 


ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਨੇ ਕਈ ਹਫ਼ਤੇ ਪਹਿਲਾਂ ਹੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ‘ਭਰੋਸੇਯੋਗ ਇਲਜ਼ਾਮਾਂ’ ਦੇ ਸਬੂਤ ਭਾਰਤ ਨਾਲ ਸਾਂਝੇ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ, ਕੈਨੇਡਾ ਨਾਲ ਇਸ ਗੰਭੀਰ ਮਾਮਲੇ ’ਤੇ ਸਹਿਯੋਗ ਕਰੇ। 


ਟਰੂਡੋ ਨੇ ਕੈਨੇਡਾ ਦੇ ਦੌਰੇ ‘ਤੇ ਆਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ਦੋਸ਼ਾਂ ਨੂੰ ਭਾਰਤ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਕੈਨੇਡਾ ਨੇ ਇਸ ਬਾਰੇ ਆਪਣੇ ਆਪਣੇ ਭਾਈਵਾਲਾਂ ਨਾਲ ਚਰਚਾ ਕੀਤੀ।’ 


ਇਹ ਵੀ ਪੜ੍ਹੋ: Amit Shah: ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ, ਹੋਏ ਕੁਝ ਬਦਲਾਅ, ਨਹੀਂ ਜਾਣਗੇ ਫਿਰੋਜ਼ਪੁਰ, ਜਾਣੋ ਵਜ੍ਹਾ


ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਵਿੱਚ 18 ਜੂਨ ਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਖਾਲਿਸਤਾਨੀ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ “ਸੰਭਾਵੀ” ਸ਼ਮੂਲੀਅਤ ਦੇ ਟਰੂਡੋ ਦੇ ਦੋਸ਼ਾਂ ਤੋਂ ਬਾਅਦ ਇਸ ਹਫਤੇ ਦੇ ਸ਼ੁਰੂ ਵਿੱਚ ਭਾਰਤ ਤੇ ਕੈਨੇਡਾ ਦਰਮਿਆਨ ਤਣਾਅ ਵਧ ਗਿਆ। ਭਾਰਤ ਨੇ 2020 ਵਿੱਚ ਨਿੱਝਰ ਨੂੰ ਅਤਿਵਾਦੀ ਵਜੋਂ ਨਾਮਜ਼ਦ ਕੀਤਾ ਸੀ। 


ਉਧਰ, ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ‘ਸ਼ਮੂਲੀਅਤ’ ਦੇ ਦੋਸ਼ਾਂ ਤੋਂ ਅਮਰੀਕਾ ਬੇਹੱਦ ਚਿੰਤਤ ਹੈ। ਬਲਿੰਕਨ ਨੇ ਇਹ ਵੀ ਕਿਹਾ ਕਿ ਇਹ ਜ਼ਰੂਰੀ ਹੈ ਕਿ ਭਾਰਤ ਇਸ ਮਾਮਲੇ ਦੀ ਜਾਂਚ ਵਿੱਚ ਕੈਨੇਡਾ ਨਾਲ ਮਿਲ ਕੇ ਕੰਮ ਕਰੇ। ਵਿਦੇਸ਼ ਮੰਤਰੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਇਸ ਮੁੱਦੇ ‘ਤੇ ਭਾਰਤ ਸਰਕਾਰ ਨਾਲ ਸਿੱਧੇ ਸੰਪਰਕ ‘ਚ ਹੈ।


ਇਹ ਵੀ ਪੜ੍ਹੋ: Manpreet singh badal case: ਗ੍ਰਿਫਤਾਰੀ ਦੇ ਡਰ ਤੋਂ ਖੜਕਾਇਆ ਅਦਾਲਤ ਦਾ ਬੂਹਾ, ਅਗਾਊਂ ਜ਼ਮਾਨਤ ਲਈ ਦਰਜ ਕੀਤੀ ਪਟੀਸ਼ਨ