ਵਾਸ਼ਿੰਗਟਨ: ਗਲ਼ੇ ਅਤੇ ਸਿਰ ਦੇ ਜਾਨਲੇਵਾ ਕੈਂਸਰ ਦੀ ਰੋਕਥਾਮ ਲਈ ਖੋਜ ਕਰ ਰਹੀ ਭਾਰਤਵੰਸ਼ੀ ਪ੍ਰੋਫੈਸਰ ਨਿਸ਼ਾ ਡੀਸਿਲਵਾ ਨੂੰ ਮਾਣਮੱਤਾ ਸਸਟੇਨਿੰਗ ਆਊਟਸਟੈਂਡਿੰਗ ਅਚੀਵਮੈਂਟ ਇਨ ਰਿਸਰਚ (ਐੱਸਓਏਆਰ) ਐਵਾਰਡ ਦਿੱਤਾ ਗਿਆ ਹੈ। ਇਸ ਤਹਿਤ ਖੋਜ ਕਰ ਰਹੇ ਵਿਅਕਤੀ ਨੂੰ 52.73 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਡੀਸਿਲਵਾ ਨੂੰ ਇਹ ਰਾਸ਼ੀ ਉਸ ਖੋਜ ਲਈ ਦਿੱਤੀ ਗਈ ਜਿਸ ਵਿਚ ਉਹ ਕੈਂਸਰ ਦੇ ਮਰੀਜ਼ਾਂ ਦੀ ਜ਼ਿੰਦਾ ਰਹਿਣ ਦੀ ਦਰ ਵਿਚ ਇਜ਼ਾਫਾ ਕਰਨ 'ਤੇ ਕੰਮ ਕਰ ਰਹੀ ਹੈ।
ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਵਿਚ ਖੋਜ ਕਰ ਰਹੀ ਨਿਸ਼ਾ ਦਾ ਟੀਚਾ ਕੈਂਸਰ ਦਾ ਇਲਾਜ ਲੱਭਣਾ ਹੈ। ਉਨ੍ਹਾਂ ਦੀ ਖੋਜ ਦੌਰਾਨ ਮਿਲੀਆਂ ਜਾਣਕਾਰੀਆਂ ਪਿੱਛੋਂ ਕੈਂਸਰ ਦੇ ਇਲਾਜ ਦੇ ਨਵੇਂ ਤਰੀਕੇ ਲੱਭੇ ਜਾ ਸਕਣਗੇ। ਮਿਸ਼ੀਗਨ ਯੂਨੀਵਰਸਿਟੀ ਦੇ ਸਕੂਲ ਆਫ਼ ਡੈਂਟਿਸਟੀ ਦੀ ਲਾਓਰੀ ਮੈਕ ਕਾਲੇ ਨੇ ਕਿਹਾ ਕਿ ਡਾ. ਡੀਸਿਲਵਾ ਨੂੰ ਮਿਲੀ ਇਸ ਸਹਾਇਤਾ ਪਿੱਛੋਂ ਉਹ ਕੈਂਸਰ ਨਾਲ ਜੁੜੇ ਗੰਭੀਰ ਸਵਾਲਾਂ ਦਾ ਜਵਾਬ ਲੱਭ ਸਕੇਗੀ।
ਦੱਸਣਯੋਗ ਹੈ ਕਿ ਗਲ਼ੇ ਅਤੇ ਸਿਰ ਦੇ ਕੈਂਸਰ ਦੇ ਹਰ ਸਾਲ ਛੇ ਲੱਖ ਨਵੇਂ ਮਰੀਜ਼ ਸਾਹਮਣੇ ਆਉਂਦੇ ਹਨ। ਕਈ ਸਾਲਾਂ ਦੇ ਇਲਾਜ ਦੇ ਬਾਵਜੂਦ ਇਨ੍ਹਾਂ ਮਰੀਜ਼ਾਂ ਵਿਚੋਂ ਅੱਧੇ ਦੀ ਜਾਨ ਚਲੀ ਜਾਂਦੀ ਹੈ। ਐੱਸਓਏਆਰ ਉਨ੍ਹਾਂ ਖੋਜਕਰਤਾਵਾਂ ਨੂੰ ਰਾਸ਼ੀ ਮੁਹੱਈਆ ਕਰਾਉਂਦਾ ਹੈ ਜਿਨ੍ਹਾਂ ਦੀ ਖੋਜ ਦਾ ਚੰਗਾ ਨਤੀਜਾ ਵੇਖਣ ਨੂੰ ਮਿਲਿਆ ਹੈ।