ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਵੱਡੇ ਪੱਧਰ 'ਤੇ ਮਨਾਏ ਜਾਣ ਵਾਲੇ ਸਮਾਗਮਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰਪੰਜਾਬੀ ਆਬਾਦੀ ਵਾਲੇ ਦੇਸ਼ਾਂ ਤੋਂ ਅੰਮ੍ਰਿਤਸਰ ਲਈ ਵਧੇਰੇ ਉਡਾਣਾਂ ਦੀ ਮੰਗ ਕੀਤੀ ਹੈ। ਇਸ ਦੇ ਨੀਲ ਹੀ ਉਨ੍ਹਾਂ ਸਮਾਗਮਾਂ ਨੂੰ ਇਤਿਹਾਸਿਕ ਬਣਾਉਣ ਲਈ ਕਰਾਏ ਜਾ ਰਹੇ ਪ੍ਰੋਗਰਾਮਾਂ ਦੇ ਕਾਰਜਕ੍ਰਮ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਚਿੱਠੀ ਲਿਖ ਕੇ ਏਅਰ ਇੰਡੀਆ ਸਣੇ ਅੰਤਰਰਾਸ਼ਟਰੀ ਏਅਰਲਾਈਨ ਆਪਰੇਟਰਾਂ ਨੂੰ ਅੰਮ੍ਰਿਤਸਰ ਲਈ ਵਧੇਰੇ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਤੈਅ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਤਿਹਾਸਕ ਮੌਕੇ 'ਤੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੀ ਸਹੂਲਤ ਦਿੱਤੀ ਜਾ ਸਕੇ।
ਕੈਪਟਨ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਸਮਾਗਮਾਂ ਦੌਰਾਨ ਇਟਲੀ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਯੂਕੇ, ਕਨੇਡਾ, ਯੂਐਸਏ ਤੇ ਜਰਮਨੀ ਵਰਗੇ ਦੇਸ਼ਾਂ ਤੋਂ ਹੋਰ ਉਡਾਣਾਂ ਦੀ ਸੁਵਿਧਾ ਨਾਲ ਵਿਸ਼ਵ ਭਰ ਦੇ ਸ਼ਰਧਾਲੂਆਂ ਨੂੰ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਆਉਣ ਅਤੇ ਮੱਥਾ ਟੇਕਣ ਦੀ ਸਹੂਲਤ ਮਿਲੇਗੀ।