ਚੰਡੀਗੜ੍ਹ: 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਹਰ ਹੀਲਾ ਵਰਤਣ ਲਈ ਰਾਜ਼ੀ ਹੋ ਰਹੀਆਂ ਹਨ। ਇਸ ਦੇ ਸੰਕੇਤ ਪੰਜਾਬ ਤੋਂ ਵੀ ਮਿਲਣੇ ਸ਼ੁਰੂ ਹੋ ਗਏ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਦੇ ਬਿਆਨ ਵੀ ਸਾਹਮਣੇ ਆਏ ਹਨ। ਹਾਲਾਂਕਿ, ਪੰਜਾਬ ਵਿੱਚ 'ਆਪ' ਦੇ ਵੱਡੇ ਚਿਹਰੇ ਤੇ ਵਿਧਾਕ ਐਚ.ਐਸ. ਫੂਲਕਾ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਜੇਕਰ 'ਆਪ' ਨੇ ਕਾਂਗਰਸ ਨਾਲ ਗੱਠਜੋੜ ਕੀਤਾ ਤਾਂ ਉਹ ਅਸਤੀਫ਼ਾ ਦੇ ਦੇਣਗੇ।

 

ਆਮ ਆਦਮੀ ਪਾਰਟੀ ਨਾਲ ਗਠਜੋੜ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ 'ਆਪ' ਨਾਲ ਗਠਜੋੜ ਦਾ ਫੈਸਲਾ ਕਾਂਗਰਸ ਹਾਈਕਮਾਨ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਚਾਰ ਕਾਂਗਰਸ ਹਾਈਕਮਾਨ ਨੂੰ ਭੇਜ ਦਿਆਂਗੇ, ਬਾਕੀ ਜੋ ਫੈਸਲਾ ਕਰਨਾ ਉਨ੍ਹਾਂ ਨੇ ਕਰਨਾ ਹੈ।

ਉੱਧਰ ਫ਼ਿਰੋਜ਼ਪੁਰ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਦੇਸ਼ ਹਿੱਤ ਵਿੱਚ ਸਾਰੀਆਂ ਪਾਰਟੀਆਂ ਦਾ ਇੱਕ ਹੋਣਾ ਜਾਇਜ਼ ਹੈ। ਪੱਤਰਕਾਰਾਂ ਨੇ ਜਦ ਉਨ੍ਹਾਂ ਤੋਂ ਇਹ ਸਵਾਲ ਕੀਤਾ ਕਿ ਕਾਂਗਰਸ ਨਾਲ 'ਆਪ' ਗਠਜੋੜ ਕਰੇਗੀ ਤਾਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੀਜੇਪੀ ਦੇਸ਼ ਵਿੱਚ ਲੋਕਾਂ ਦਾ ਜਿਊਣਾ ਮੁਹਾਲ ਕਰ ਰਹੀ ਹੈ ਤੇ ਉਸ ਨੂੰ ਹਰਾਉਣ ਲਈ ਗਠਜੋੜ ਕੀਤਾ ਜਾ ਸਕਦਾ ਹੈ।

ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ 'ਆਪ' ਨਾਲ ਦਿੱਲੀ ਵਿੱਚ ਗਠਜੋੜ ਕਰਨ ਦੀ ਗੱਲ ਆਖ ਰਹੀ ਹੈ ਨਾ ਕਿ ਪੰਜਾਬ ਵਿੱਚ। ਕਿਸਾਨਾਂ ਦੀ ਹੜਤਾਲ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ ਪਰ ਮੋਦੀ ਸਰਕਾਰ ਕਰ ਨਹੀਂ ਰਹੀ।