CAT ਦੇ ਨਤੀਜਿਆਂ 'ਚ ਰਹੀ ਮੁੰਡਿਆਂ ਦੀ ਝੰਡੀ, 11 ਜਣਿਆਂ ਦੇ 100 ਫੀਸਦੀ ਨੰਬਰ
ਏਬੀਪੀ ਸਾਂਝਾ | 06 Jan 2019 04:18 PM (IST)
ਚੰਡੀਗੜ੍ਹ: ਮੈਨੇਜਮੈਂਟ ਦੀ ਪੜ੍ਹਾਈ ਲਈ ਸਰਵੋਤਮ ਕਾਲਜ ਆਈਆਈਐਮ ਵਿੱਚ ਦਾਖ਼ਲੇ ਲਈ ਹੋਣ ਵਾਲੀ ਪ੍ਰੀਖਿਆ ਕਾਮਨ ਐਡਮਿਸ਼ਨ ਟੈਸਟ (ਕੈਟ) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਇਸ ਵਾਰ 11 ਉਮੀਦਵਾਰਾਂ ਨੂੰ ਸੌ ਫੀਸਦੀ ਨੰਬਰ ਮਿਲੇ ਹਨ। ਖ਼ਾਸ ਗੱਲ ਇਹ ਹੈ ਕਿ ਇਹ 100 ਫੀਸਦੀ ਹਾਸਲ ਕਰਨ ਵਾਲੇ ਸਾਰੇ ਲੜਕੇ ਹਨ। ਪਿਛਲੇ ਸਾਲ ਇਮਤਿਹਾਨ ਵਿੱਚ ਦੋ ਲੜਕੀਆਂ ਤੇ ਤਿੰਨ ਲੜਕਿਆਂ ਨੇ ਸੌ ਫੀਸਦੀ ਹਾਸਲ ਕੀਤਾ ਸੀ। ਲਗਪਗ 2 ਲੱਖ ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ ਸੀ। ਪਹਿਲੀ ਵਾਰ ਇਸ ਇਮਤਿਹਾਨ ਵਿੱਚ ਪਾਸ ਹੋਏ ਟਰਾਂਸਜ਼ੈਂਡਰ ਵਿਦਿਆਰਥੀ ਨੂੰ ਵੀ ਆਈਆਈਐਮ ਕੋਲਕਾਤਾ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਆਈਆਈਐਮ ਕੋਝੀਕੋਡ ਤੋਂ ਵੀ ਦੋ ਟਰਾਂਸਜ਼ੈਂਡਰ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਹੈ। ਇਸ ਵਾਰ ਦੇ ਟਾਪਰਾਂ ਦੀ ਲਿਸਟ ਵਿੱਚ ਮਹਾਰਾਸ਼ਟਰ ਦਾ ਪਹਿਲਾ ਸਥਾਨ ਹੈ। ਇੱਥੋਂ 11 ਵਿੱਚੋਂ 7 ਵਿਦਿਆਰਥੀ ਟਾਪਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਹੋਰ ਟਾਪਰਾਂ ਵਿੱਚੋਂ ਇੱਕ ਕਰਨਾਟਕ ਤੇ ਇੱਕ ਬਿਹਾਰ ਤੋਂ ਹੈ। ਇਸ ਵਾਰ 22 ਵਿਦਿਆਰਥੀਆਂ ਨੇ 99.99 ਫੀਸਦੀ ਸਕੋਰ ਹਾਸਲ ਕੀਤਾ। ਇਹ 22 ਵੀ ਸਾਰੇ ਲੜਕੇ ਹਨ ਤੇ ਇਨ੍ਹਾਂ ਵਿੱਚੋਂ 19 ਇੰਜਨਿਅਰ ਹਨ।