ਜਲੰਧਰ: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ 2021 ’ਚ ਉਹ ਭਾਰਤੀ ਮਹਿਲਾ ਵਿਗਿਆਨ ਕਾਂਗਰਸ ਦੇ ਉਦਘਾਟਨ ਵਿੱਚ ਹਿੱਸਾ ਲੈ ਪਾਉਣਗੇ ਜਾਂ ਨਹੀਂ। ਉਨ੍ਹਾਂ ਕਿਹਾ ਕਿ 2019 ਆਸਾਨ ਵਰ੍ਹਾ ਨਹੀਂ ਹੋਏਗਾ। ਜ਼ਿਕਰਯੋਗ ਹੈ ਕਿ 2020-21 ਲਈ ਭਾਰਤੀ ਮਹਿਲਾ ਵਿਗਿਆਨ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਵਿਜੈ ਲਕਸ਼ਮੀ ਸਕਸੈਨਾ ਨੇ ਉਨ੍ਹਾਂ ਨੂੰ 2021 ਦੇ ਸੈਸ਼ਨ ਲਈ ਸੱਦਾ ਦਿੱਤਾ ਹੈ।
ਜਲੰਧਰ ਵਿੱਚ ਮਹਿਲਾ ਵਿਗਿਆਨ ਕਾਂਗਰਸ 2021 ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਰਾਨੀ ਨੇ ਕਿਹਾ ਕਿ ਮੈਂ ਨਹੀਂ ਜਾਣਦੀ ਕਿ 2021 ਵਿੱਚ ਮੇਰੇ ਹੋਣ ਦੀ ਸੰਭਾਵਨਾ ਕੀ ਹੈ ਪਰ ਇਸ ਦੇ ਬਾਵਜੂਦ ਮੈਂ ਪੂਰੇ ਮਾਣ ਸਨਮਾਣ ਨਾਲ ਸੱਦਾ ਕਬੂਲ ਕਰਦੀ ਹਾਂ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੇਰੀ ਧੀ 10ਵੀਂ ਤੇ ਪੁੱਤਰ 12ਵੀਂ ਦੇ ਇਮਤਿਹਾਨ ਦੀ ਤਿਆਰੀ ਕਰ ਰਹੇ ਹਨ। ਮਤਲਬ ਕਿ 2019 ਕਿਸੇ ਲਈ ਵੀ ਆਸਾਨ ਨਹੀਂ ਹੈ।
ਵਿਰੋਧੀ ਦਲਾਂ ਦੀਆਂ ਗਠਜੋੜ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਇਸ ਸਾਲ ਅਪ੍ਰੈਲ-ਮਈ ਵਿੱਚ ਪ੍ਰਸਤਾਵਿਤ ਲੋਕ ਸਭਾ ਚੋਣਾਂ ਵਿੱਚ ਦੂਜੇ ਕਾਰਜਕਾਲ ਦੀ ਉਮੀਦ ਹੈ। 2014 ਵਿੱਚ ਸਮ੍ਰਿਤੀ ਇਰਾਨੀ ਨੇ ਅਮੇਠੀ ਤੋਂ ਰਾਹੁਲ ਗਾਂਧੀ ਖਿਲਾਫ ਲੋਕ ਸਭਾ ਚੋਣ ਲੜੀ ਸੀ ਜਿਸ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।