ਲੰਦਨ: ਖ਼ਤਰਨਾਕ ਥਾਂ ਤੋਂ ਸੈਲਫੀ ਲੈਣ ਲਈ ਲੋਕ ਆਪਣੀ ਜਾਨ ਦੀ ਬਾਜ਼ੀ ਤਕ ਲਾ ਦਿੰਦੇ ਹਨ। ਕਈ ਵਾਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਤਾਜ਼ਾ ਮਾਮਲਾ ਆਇਰਲੈਂਡ ਦਾ ਹੈ ਜਿੱਥੇ ਸੈਰਫੀ ਲੈਣ ਦੇ ਚੱਕਰ ਵਿੱਚ ਇੱਕ ਭਾਰਤੀ ਵਿਦਿਆਰਥੀ ਆਪਣੀ ਜਾਨ ਤੋਂ ਹੱਥ ਧੋ ਬੈਠਾ। ਦਰਅਸਲ ਨੌਜਵਾਨ ਨੇ ਆਇਰਲੈਂਡ ਦੀ ਮਸ਼ਹੂਰ ਤੇ ਸਭ ਤੋਂ ਉੱਚੀ ਚੱਟਾਨ ਤੋਂ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਹ ਚੱਟਾਨ ਤੋਂ ਡਿੱਗ ਪਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ।
ਘਟਨਾ ਸ਼ੁੱਕਰਵਾਰ ਵਾਪਰੀ। ਸਥਾਨਕ ‘ਦ ਆਇਰਸ਼ ਸਨ’ ਦੀ ਖ਼ਬਰ ਮੁਤਾਬਕ ਨੌਜਵਾਨ ਦੀ ਉਮਰ 20 ਤੋਂ 25 ਸਾਲ ਸੀ। ਹਾਲੇ ਤਕ ਉਸ ਦੀ ਪਛਾਣ ਨਹੀਂ ਹੋ ਪਾਈ। ਦੱਸਿਆ ਜਾ ਰਿਹਾ ਹੈ ਕਿ ਉਹ ਭਾਰਤੀ ਨਾਗਰਿਕ ਸੀ ਤੇ ਡਬਲਿਨ ਵਿੱਚ ਪੜ੍ਹਾਈ ਕਰਦਾ ਸੀ। ਨੌਜਵਾਨ ਸ਼ੁੱਕਰਵਾਰ ਨੂੰ ‘ਕਲਿਫਸ ਆਫ ਮਦਰ ਇਨ ਕਾਊਂਟੀ ਕਲੀਅਰ’ ਵਿੱਚ ਘੁੰਮ ਰਿਹਾ ਸੀ।
ਇਸੇ ਦੌਰਾਨ ਵਿਜ਼ੀਟਰ ਸੈਂਟਰ ਨੇੜੇ ਇਹ ਘਟਨਾ ਵਾਪਰ ਗਈ। ਉਸ ਵੇਲੇ ਉੱਥੇ ਸੈਂਕੜੇ ਸੈਲਾਨੀ ਮੌਜੂਦ ਸੀ। ਨੌਜਵਾਨ ਦੇ ਹੇਠਾਂ ਡਿੱਗਣ ਬਾਅਦ ਉਸ ਨੂੰ ਹੈਲੀਕਾਪਟਰ ਜ਼ਰੀਏ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਇਸ ਪਿੱਛੋਂ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।