ਇਮਰਾਨ ਖ਼ਾਨ
ਜਲੰਧਰ: ਕੈਨੇਡਾ ਦੇ ਬ੍ਰੈਂਪਟਨ ਕੇਂਦਰੀ ਹਲਕੇ ਤੋਂ ਸੰਸਦ ਮੈਂਬਰ ਰਮੇਸ਼ਵਰ ਸੰਘਾ ਨੇ 'ਏਬੀਪੀ ਸਾਂਝਾ' 'ਤੇ ਉਨ੍ਹਾਂ ਦੇ ਦੇਸ਼ ਵਿੱਚ ਖ਼ਾਲਿਸਤਾਨ ਦੀ ਜ਼ਮੀਨੀ ਹਕੀਕਤ ਬਾਰੇ ਕਈ ਦਾਅਵੇ ਕੀਤੇ। ਸੰਘਾ ਦਾ ਤਰਕ ਹੈ ਕਿ ਉੱਥੇ ਸਿਰਫ ਕੁਝ ਲੋਕਾਂ ਨੇ ਹੀ ਖ਼ਾਲਿਸਤਾਨ ਦੀ ਹਵਾ ਬਣਾਈ ਹੋਈ ਹੈ, ਜਦਕਿ ਉੱਥੇ ਅਜਿਹਾ ਕੁਝ ਵੀ ਨਹੀਂ ਹੈ। ਕੈਨੇਡਾ ਵਿੱਚ ਖ਼ਾਲਿਸਤਾਨੀ ਸੋਚ ਵਾਲੇ ਬੰਦੇ ਬਹੁਤ ਥੋੜ੍ਹੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਸਿੱਖ (ਖ਼ਾਲਿਸਤਾਨੀ) ਕੱਟੜਵਾਦ ਤੋਂ ਖ਼ਤਰਾ ਵੀ ਮੰਨਿਆ ਸੀ। ਸਰਕਾਰ ਦੀ ਪਬਲਿਕ ਸੇਫ਼ਟੀ ਰਿਪੋਰਟ 2018 ਵਿੱਚ ਸਿੱਖਾਂ ਦਾ ਨਕਾਰਾਤਮਕ ਅਕਸ ਦਿਖਾਏ ਜਾਣ 'ਤੇ ਭਾਈਚਾਰੇ ਨੇ ਖਾਸੀ ਨਾਰਾਜ਼ਗੀ ਦਿਖਾਈ ਸੀ।
ਇਹ ਵੀ ਪੜ੍ਹੋ: ਕੈਨੇਡਾ ਨੂੰ ਆਇਆ ਖ਼ਾਲਿਸਤਾਨੀਆਂ ਤੋਂ ਭੈਅ, ਸਰਕਾਰ ਨੂੰ ਕੀਤਾ ਚੌਕਸ
ਰਮੇਸ਼ਵਰ ਸੰਘਾ ਦਾ ਜੱਦੀ ਘਰ ਜਲੰਧਰ ਦੇ ਖੁਰਦਪੁਰ ਵਿੱਚ ਹੈ। ਉਨਾਂ ਕਿਹਾ, "ਜਦੋਂ ਵੀ ਮੈਂ ਪੰਜਾਬ ਆਉਂਦਾ ਹਾਂ ਤਾਂ ਮੇਰੇ ਤੋਂ ਅਜਿਹੇ ਸਵਾਲ ਪੁੱਛੇ ਜਾਂਦੇ ਹਨ ਪਰ ਮੈਂ ਸਾਫ ਕਰਦਾ ਹਾਂ ਕਿ ਕੈਨੇਡਾ ਵਿੱਚ ਖ਼ਾਲਿਸਤਾਨ ਵਰਗਾ ਕੁਝ ਵੀ ਨਹੀਂ ਹੈ। ਸਿਰਫ ਕੁਝ ਲੋਕ ਹਨ ਜਿਹੜੀ ਕਿ ਅਜਿਹੀ ਸੋਚ ਰੱਖਦੇ ਹਨ। ਕੈਨੇਡਾ ਵਿੱਚ ਵੀ ਉਸੇ ਤਰਾਂ ਬੋਲਣ ਦੀ ਆਜ਼ਾਦੀ ਹੈ ਜਿਵੇਂ ਕਿ ਇੰਡੀਆ ਵਿੱਚ ਹੈ ਪਰ ਉਸ ਦੀ ਹੱਦ ਵੀ ਹੈ। ਕੈਨੇਡਾ ਵਿੱਚ ਅਜਿਹਾ ਕੁਝ ਨਹੀਂ ਹੋ ਰਿਹਾ ਜਿਸ ਨਾਲ ਇੰਡੀਆ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਹੋਵੇ।"
ਕੈਨੇਡਾ ਦੀ ਏਜੰਸੀਆਂ ਵੱਲੋਂ ਸਿੱਖ ਕੱਟੜਪੰਥੀਆਂ ਨੂੰ ਕੈਨੇਡਾ ਵਾਸਤੇ ਖ਼ਤਰਾ ਦੱਸੇ ਜਾਣ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਲਦ ਉਸ ਰਿਪੋਰਟ ਵਿੱਚੋਂ ਸਿੱਖ ਸ਼ਬਦ ਹਟਾ ਦਿੱਤਾ ਜਾਵੇਗਾ। ਸਿੱਖ ਸ਼ਬਦ ਦੇ ਨਾਲ ਰਿਪੋਰਟ ਵਿੱਚੋਂ ਸ਼ੀਆ ਅਤੇ ਸੁੰਨੀ ਸ਼ਬਦ ਵੀ ਸਨ, ਤਿੰਨਾਂ ਸ਼ਬਦਾਂ ਨੂੰ ਹਟਾਇਆ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਭੋਲਾ ਡਰੱਗ ਰੈਕੇਟ ਨਾਲ ਜੁੜੇ ਲੋਕਾਂ ਦੀ ਡਿਟੇਲ ਦੇਣ ਦੇ ਸਵਾਲ 'ਤੇ ਸੰਘਾ ਦਾ ਕਹਿਣਾ ਹੈ ਕਿ ਇਹ ਮਸਲਾ ਗੁਪਤ ਹੈ ਅਤੇ ਉਹ ਇਸ 'ਤੇ ਕੁਝ ਨਹੀਂ ਦੱਸ ਸਕਦੇ।
ਸਬੰਧਤ ਖ਼ਬਰ: ਸਿੱਖਾਂ ਨੂੰ ਅੱਤਵਾਦੀ ਤੇ ਖ਼ਾਲਿਸਤਾਨੀ ਦੱਸਣ 'ਤੇ ਟਰੂਡੋ ਦੇ ਐਮਪੀ ਵੱਲੋਂ ਆਵਾਜ਼ ਬੁਲੰਦ
ਕੈਨੇਡਾ ਵਿੱਚ ਇਸੇ ਸਾਲ ਆਮ ਚੋਣਾਂ ਹੋਣੀਆਂ ਹਨ। ਰਮੇਸ਼ਵਰ ਸੰਘਾ ਇਸ ਵਾਰ ਵੀ ਬ੍ਰੈਂਪਟਨ ਸੈਂਟਰਲ ਤੋਂ ਹੀ ਚੋਣ ਲੜਣਗੇ। ਉਨਾਂ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਨੇ ਕੈਨੇਡਾ ਦੀ ਮਿਡਲ ਕਲਾਸ ਵਾਸਤੇ ਚੰਗੇ ਕੰਮ ਕੀਤੇ ਹਨ ਇਸ ਲਈ ਸਾਡੀ ਹਾਲਤ ਚੰਗੀ ਹੈ, ਅਸੀਂ ਫਿਰ ਜਿੱਤਾਂਗੇ। ਪਹਿਲੀ ਵਾਰ ਪ੍ਰਧਾਨ ਮੰਤਰੀ ਦੀ ਚੋਣ ਲੜਨ ਜਾ ਰਹੇ ਐਨਡੀਪੀ ਲੀਡਰ ਜਗਮੀਤ ਸਿੰਘ ਬਾਰੇ ਉਹ ਕਹਿੰਦੇ ਹਨ ਕਿ ਮੇਰੇ ਹਿਸਾਬ ਨਾਲ ਉਸ ਦੀ ਰੇਟਿੰਗ ਡਾਊਨ ਜਾ ਰਹੀ ਹੈ, ਜਿੱਤਣਾ ਮੁਸ਼ਕਿਲ ਹੈ ਪਰ ਵੇਖੋ ਕੀ ਹੁੰਦਾ ਹੈ।
ਪੰਜਾਬ ਤੋਂ ਲਗਾਤਾਰ ਕੈਨੇਡਾ ਜਾ ਰਹੇ ਵਿਦਿਆਰਥੀਆਂ ਨੂੰ ਕੈਨੇਡਾ ਆਪਣਾ ਐਸੇਟ ਮੰਨਦਾ ਹੈ। ਲਿਬਰਲ ਪਾਰਟੀ ਦੇ ਐਮਪੀ ਸੰਘਾ ਦਾ ਮੰਨਣਾ ਹੈ ਕਿ ਜਿਹੜੇ ਪੰਜਾਬੀ ਵਿਦਿਆਰਥੀ ਉੱਥੇ ਪੜ੍ਹਣਗੇ ਉਨਾਂ ਵਿੱਚੋਂ ਕੁਝ ਹੀ ਵਾਪਿਸ ਆਉਣਗੇ ਬਾਕੀ ਉੱਥੇ ਹੀ ਰਹਿਣਗੇ। ਜਿਹੜੇ ਲੋਕ ਗ਼ਲਤ ਤਰੀਕੇ ਨਾਲ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਕਰਕੇ ਕੈਨੇਡਾ ਸਰਕਾਰ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।
ਇਹ ਵੀ ਪੜ੍ਹੋ: ਟਰੂਡੋ ਹਾਲੇ ਵੀ ਕੈਨੇਡੀਅਨਾਂ ਦੀ ਪਹਿਲੀ ਪਸੰਦ, ਸਿੱਖ ਲੀਡਰ ਜਗਮੀਤ ਪੱਛੜੇ