ਨਵੀਂ ਦਿੱਲੀ: ਭਾਰਤੀ ਖਾਧ ਨਿਗਮ (FCI) ਵਿੱਚ ਚੌਕੀਦਾਰਾਂ ਦੀ ਭਰਤੀ ’ਚ ਵੱਡੇ ਘਪਲੇ ਬਾਰੇ ਖੁਲਾਸਾ ਹੋਇਆ ਹੈ। ਸੀਬੀਆਈ ਨੇ ਇਸ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਜਨਤਕ ਖੇਤਰ ਦੀ ਕੰਪਨੀ ਵੱਲੋਂ ਕੀਤੀ ਸ਼ਿਕਾਇਤ ਮੁਤਾਬਕ ਜਿਸ ਪ੍ਰਾਈਵੇਟ ਏਜੰਸੀ ਨੂੰ ਸਰਕਾਰੀ ਚੌਕੀਦਾਰਾਂ ਦੀ ਭਰਤੀ ਦਾ ਠੇਕਾ ਦਿੱਤਾ ਗਿਆ, ਉਸ ਨੇ ਅਯੋਗ ਉਮੀਦਵਾਰ ਵੀ ਭਰਤੀ ਕਰ ਲਏ। ਸੀਬੀਆਈ ਦੀ ਜਾਂਚ ਵਿੱਚ ਇਸ ਦੀ ਪੁਸ਼ਟੀ ਹੋ ਗਈ ਹੈ।
ਸੀਬੀਆਈ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਕਤ ਏਜੰਸੀ ਜ਼ਰੀਏ ਕਈ ਹੋਰ ਸਰਕਾਰੀ ਕੰਪਨੀਆਂ ਵਿੱਚ ਵੀ ਚੌਕੀਦਾਰਾਂ ਦੀ ਭਰਤੀ ਹੋਈ। ਜਾਂਚ ਪੂਰੀ ਹੋਣ ਤਕ ਹੋਰ ਵੱਡੇ ਖੁਲਾਸੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਸਮੇਤ ਕਈ ਵੱਡੇ ਸੂਬਿਆਂ ਵਿੱਚ ਭਰਤੀ ਘਪਲੇ ਸਾਹਮਣੇ ਆਏ ਹਨ। ਇਹ ਖੁਲਾਸਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਲੋਕ ਸਭਾ ਚੋਣਾਂ ਦੌਰਾਨ ਸੱਤਾਧਾਰੀ ਤੇ ਵਿਰੋਧੀ ਪੱਖ ਵਿੱਚ ਚੌਕੀਦਾਰ ਤੇ ਚੌਕੀਦਾਰੀ ਵਰਗੇ ਸ਼ਬਦਾਂ ’ਤੇ ਸਿਆਸਤ ਹੋ ਰਹੀ ਹੈ।
ਦਰਅਸਲ, FCI ਵੱਲੋਂ ਦਿੱਲੀ ਖੇਤਰ ਵਿੱਚ ਚੌਕਦਾਰਾਂ ਦੀ ਭਰਤੀ ਲਈ 10 ਅਪਰੈਲ, 2017 ਨੂੰ ਇੱਕ ਨਿੱਜੀ ਏਜੰਸੀ ਐਸ ਇੰਟੀਗ੍ਰੇਟਿਡ ਸੋਲਿਸ਼ਨਜ਼ ਲਿਮਟਿਡ ਨੂੰ ਆਊਟਸੋਰਸ ਕੀਤਾ ਗਿਆ ਸੀ। ਕੁੱਲ 53 ਆਸਾਮੀਆਂ ਲਈ 1.08 ਲੱਖ ਅਰਜ਼ੀਆਂ ਆਈਆਂ ਸੀ। ਇਸ ਵਿੱਚ 18 ਫਰਵਰੀ, 2018 ਨੂੰ ਲਿਖਤੀ ਪ੍ਰੀਖਿਆ ਦੌਰਾਨ ਕੁੱਲ 98,771 ਉਮੀਦਵਾਰ ਹੀ ਹਾਜ਼ਰ ਹੋਏ। ਇਨ੍ਹਾਂ ਵਿਚੋਂ 171 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ। ਕਾਗਜ਼ਾਂ ਤੇ ਸਰੀਰਕ ਸਮਰਥਾ ਦੇ ਆਧਾਰ ’ਤੇ 96 ਉਮੀਦਵਾਰ ਛਾਂਟੇ ਗਏ।
ਇਨ੍ਹਾਂ ਵਿੱਚੋਂ ਵੀ 53 ਦੀ ਚੋਣ ਹੋਈ ਤੇ 43 ਨੂੰ ਵੇਟਿੰਗ ’ਚ ਰੱਖਿਆ ਗਿਆ। ਬਾਅਦ ਵਿੱਚ ਜਦੋਂ FCI ਨੇ ਉਮੀਦਵਾਰਾਂ ਦੀ ਚੋਣ ਵਿੱਚ ਗੜਬੜੀਆਂ ਵੇਖੀਆਂ ਤਾਂ ਜਾਂਚ ਕਰਨ ਲਈ ਸੀਬੀਆਈ ਨੂੰ ਕੇਸ ਭੇਜ ਦਿੱਤਾ ਸੀ। FCI ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸਾਬਤ ਕਰਨ ਲਈ ਪੱਕੇ ਸਬੂਤ ਹਨ ਕਿ ਕੁਝ ਲੋਕ ਬੇਈਮਾਨੀ ਨਾਲ ਚੌਕੀਦਾਰ ਬਣੇ ਹਨ।