ਚੰਡੀਗੜ੍ਹ: ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮੁਜ਼ਰਮ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਫੈਸਲਾ ਦੇਣ ਵਾਲੇ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੂੰ ਸਭ ਤੋਂ ਜ਼ਿਆਦਾ ਸਖ਼ਤ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਸੁਰੱਖਿਆ ਛਤਰੀ ਤਹਿਤ ਨੈਸ਼ਨਲ ਸਕਿਉਰਿਟੀ ਗਾਰਡ ਦੇ 10 ਕਮਾਂਡੋ ਤੇ 55 ਪੁਲਿਸ ਮੁਲਾਜ਼ਮ ਜੱਜ ਜਗਦੀਪ ਸਿੰਘ ਦੀ ਰੱਖਿਆ ਕਰਨਗੇ।
ਦੱਸਣਾ ਬਣਦਾ ਹੈ ਕਿ ਐਨ.ਐਸ.ਜੀ. ਭਾਰਤ ਦੇ ਉਨ੍ਹਾਂ ਵਿਸ਼ੇਸ਼ ਰੱਖਿਆ ਬਲਾਂ ਵਿੱਚੋਂ ਇੱਕ ਹਨ ਜੋ ਸਖ਼ਤ ਸੁਰੱਖਿਆ ਦੇਣ ਲਈ ਜਾਣੇ ਜਾਂਦੇ ਹਨ, ਇਹ ਸਿੱਧੇ ਤੌਰ 'ਤੇ ਗ੍ਰਹਿ ਮੰਤਰਾਲਾ ਦੇ ਅਧੀਨ ਆਉਂਦੇ ਹਨ ਤੇ ਵੀ.ਆਈ.ਪੀ. ਸੁਰੱਖਿਆ ਦਾ ਜ਼ਿੰਮਾ ਐਨ.ਐਸ.ਜੀ. ਨੂੰ ਸੌਂਪਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਦੇ ਜੱਜ ਜਗਦੀਪ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਲਈ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਰੋਹਤਕ ਦੀ ਸੁਨਾਰਿਆ ਜੇਲ੍ਹ ਵਿੱਚ ਬਲਾਤਕਾਰੀ ਬਾਬੇ ਨੂੰ 10-10 ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜੱਜ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਸੀ।
ਜੱਜ ਨੇ ਬਲਾਤਕਾਰ ਦੇ ਦੋਵਾਂ ਮਾਮਲਿਆਂ ਵਿੱਚ 30 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਮੁਜਰਮ ਵੱਲੋਂ ਅਦਾ ਕੀਤੇ ਇਸ ਜ਼ੁਰਮਾਨੇ ਵਿੱਚੋਂ ਦੋਵਾਂ ਪੀੜਤ ਲੜਕੀਆਂ ਨੂੰ 14-14 ਲੱਖ ਮੁਆਵਜ਼ੇ ਵਜੋਂ ਮਿਲਣਗੇ ਤੇ 1-1 ਲੱਖ ਅਦਾਲਤ ਨੂੰ ਦਿੱਤਾ ਜਾਵੇਗਾ।
ਦੱਸਣਾ ਬਣਦਾ ਹੈ ਕਿ ਜੱਜ ਜਗਦੀਪ ਸਿੰਘ ਇਸ ਤੋਂ ਪਹਿਲਾਂ ਹਿਸਾਰ ਨੇੜੇ ਹੀ ਵਾਪਰੇ ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀਆਂ ਨੂੰ ਆਪਣੀ ਕਾਰ ਰੋਕ ਕੇ ਹਸਪਤਾਲ ਪਹੁੰਚਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਨੇਕੀ ਦੇ ਕਾਫੀ ਚਰਚੇ ਹੋਏ ਅਤੇ ਹੁਣ ਡੇਰਾ ਮੁਖੀ ਦੇ ਫੈਸਲੇ ਤੋਂ ਉਹ ਮੁੜ ਤੋਂ ਸੁਰਖੀਆਂ ਦੇ ਵਿੱਚ ਹਨ। ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਦੀ ਖ਼ੂਬ ਸ਼ਲਾਘਾ ਕਰ ਰਹੇ ਹਨ।