ਨਵੀਂ ਦਿੱਲੀ: ਅਦਾਲਤ ਵੱਲੋਂ ਬਲਾਤਕਾਰ ਕਰਨ ਦੇ ਦੋਸ਼ ਵਿੱਚ ਬੀਤੇ ਕੱਲ੍ਹ ਹੀ ਕੈਦੀ ਬਣੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਪ੍ਰਗਟ ਕੀਤੀ ਹਮਦਰਦੀ 'ਤੇ ਵਧ ਰਹੇ ਵਿਵਾਦ ਤੋਂ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਡਰ ਗਏ ਜਾਪਦੇ ਹਨ। ਆਪਣੇ ਪੁਰਾਣੇ ਬਿਆਨ ਤੋਂ ਮੁਕਰਦਿਆਂ ਉਸ ਨੇ ਆਖ਼ਰ ਇਹ ਕਹਿ ਦਿੱਤਾ ਕਿ ਮੈਂ ਕਿਉਂ ਰਾਮ ਰਹੀਮ ਨੂੰ ਬਚਾਵਾਂਗਾ...?
ਉੱਨਾਵ ਤੋਂ ਸੰਸਦ ਮੈਂਬਰ ਸਾਕਸ਼ੀ ਨੇ ਯੂ-ਟਰਨ ਲੈਂਦਿਆਂ ਕਿਹਾ ਕਿ ਮੈਂ ਰਾਮ ਰਹੀਮ ਦੇ ਪੱਖ ਵਿੱਚ ਕੋਈ ਬਿਆਨ ਨਹੀਂ ਦਿੱਤਾ। ਉਸ ਨੇ ਕਿਹਾ, "ਮੈਂ ਕੱਲ੍ਹ ਸਿਰਫ ਇਹ ਕਿਹਾ ਸੀ ਕਿ ਮੈਂ ਕੋਰਟ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਕੋਰਟ ਦਾ ਫੈਸਲਾ ਹੀ ਅੰਤਮ ਹੈ।" ਉਸ ਨੇ ਇਹ ਵੀ ਕਿਹਾ ਕਿ ਉਹ ਕੌਣ ਹੁੰਦਾ ਹੈ ਰਾਮ ਰਹੀਮ ਦਾ ਬਚਾਅ ਕਰਨ ਵਾਲਾ।
ਭਾਜਪਾ ਆਗੂ ਨੇ ਇਹ ਜ਼ਰੂਰ ਮੰਨਿਆ ਕਿ ਉਹ ਚਾਹੁੰਦਾ ਸੀ ਕਿ ਜਦੋਂ ਲੋਕ ਵੱਡੀ ਗਿਣਤੀ ਵਿੱਚ ਰੌਲਾ ਪਾ ਰਹੇ ਸੀ ਤਾਂ ਇਸ ਮਾਮਲੇ ਨੂੰ ਥੋੜ੍ਹਾ ਜਿਹਾ ਟਾਲ ਕੇ ਉਨ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਫੈਸਲਾ ਕੀਤਾ ਜਾਣਾ ਚਾਹੀਦਾ ਸੀ। ਉਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿੰਨੀਆਂ ਜਾਨਾਂ ਚਲੀਆਂ ਗਈਆਂ ਤੇ ਅਰਬਾਂ ਦਾ ਨੁਕਸਾਨ ਹੋ ਗਿਆ, ਇਹ ਕੋਈ ਛੋਟੀ ਗੱਲ ਨਹੀਂ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਪੰਚਕੂਲਾ ਤੇ ਹੋਰਨਾਂ ਥਾਵੇਂ ਹੋਈ ਹਿੰਸਾ ਲਈ ਅਦਾਲਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਾਕਸ਼ੀ ਨੇ ਕਿਹਾ, "ਇੱਕ ਵਿਅਕਤੀ ਸ਼ਿਕਾਇਤ ਕਰ ਰਿਹਾ ਹੈ, ਪਰ ਕਰੋੜਾਂ ਦੀ ਗਿਣਤੀ ਵਿੱਚ ਲੋਕ ਉਸ ਨੂੰ ਭਗਵਾਨ ਮੰਨ ਰਹੇ ਹਨ ਤੇ ਉਸ ਲਈ ਜਾਨ ਦੇਣ ਲਈ ਵੀ ਤਿਆਰ ਹਨ, ਹਾਈ ਕੋਰਟ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ। ਜੇਕਰ ਇਸ ਮੌਕੇ ਕਿਸੇ ਦੀ ਵੀ ਜਾਨ ਜਾਂਦੀ ਹੈ ਤਾਂ ਇਸ ਲਈ ਸਿਰਫ ਡੇਰਾ ਜ਼ਿੰਮੇਵਾਰ ਨਹੀਂ ਹੋਵੇਗਾ ਬਲਕਿ ਅਦਾਲਤ ਵੀ ਹੋਵੇਗੀ।"