ਨਵੀਂ ਦਿੱਲੀ: ਸਾਧਵੀ ਨਾਲ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਅਦਾਲਤ ਤੋਂ ਰੋਹਤਕ ਜੇਲ੍ਹ ਲਿਜਾਣ ਲਈ ਜਿਸ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ, ਉਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ ਉੱਤੇ ਇੱਕ ਫੋਟੋ ਵਾਇਰਲ ਹੋਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਦਿਨ ਡੇਰਾ ਮੁਖੀ ਨੂੰ ਲਿਜਾਣ ਲਈ ਜਿਸ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ, ਉਹ ਗੁਜਰਾਤ ਦੇ ਕਾਰੋਬਾਰੀ ਗੌਤਮ ਅਡਾਨੀ ਦਾ ਹੈ। ਇਸ ਤੋਂ ਪਹਿਲਾਂ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਵਿੱਚ ਸਫਰ ਕਰ ਚੁੱਕੇ ਹਨ।

ਅਸਲ ਵਿੱਚ ਰਾਮ ਰਹੀਮ ਨੂੰ ਪੰਚਕੂਲਾ ਤੋਂ ਏ ਡਬਲਯੂ 139 ਹੈਲੀਕਾਪਟਰ ਵਿੱਚ ਲਿਜਾਇਆ ਗਿਆ, ਜਿਹੜਾ ਵੀ ਆਈ ਪੀ ਅਤੇ ਵਪਾਰੀ ਲੋਕਾਂ ਦੇ ਸਫਰ ਲਈ ਵਰਤਿਆ ਜਾਂਦਾ ਹੈ। 15 ਸੀਟਾਂ ਵਾਲਾ ਇਹ ਅਗਸਤਾ ਵੈਸਟਲੈਂਡ ਕੰਪਨੀ ਦਾ ਹੈਲੀਕਾਪਟਰ ਹੈ। ਇਸੇ ਕੰਪਨੀ ਦਾ ਇੱਕ ਹੈਲੀਕਾਪਟਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਾਲ 2014 ਦੀਆਂ ਚੋਣਾਂ ਵਿੱਚ ਪ੍ਰਚਾਰ ਲਈ ਇਸਤੇਮਾਲ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਹੁਣ ਸੋਸ਼ਲ ਮੀਡੀਆ ‘ਤੇ ਖਬਰ ਫੈਲ ਰਹੀ ਹੈ ਕਿ ਜਿਸ ਹੈਲੀਕਾਪਟਰ ਰਾਹੀਂ ਮੋਦੀ ਸਫਰ ਕਰਦੇ ਸਨ, ਉਸੇ ਵਿੱਚ ਰਾਮ ਰਹੀਮ ਨੂੰ ਲਿਜਾਇਆ ਗਿਆ।