ਨਵੀਂ ਦਿੱਲੀ: ਅੱਜ ਦੇਸ਼ ਵਿੱਚ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ। ਇਹ ਨਤੀਜੇ ਭਾਜਪਾ ਨੂੰ ਜ਼ਿਆਦਾ ਖੁਸ਼ੀ ਦੇਣ ਵਾਲੇ ਨਹੀਂ ਹਨ। ਗੋਆ ਜਿੱਥੇ ਪਹਿਲਾਂ ਤੋਂ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉੱਥੇ ਮੁੱਖ ਮੰਤਰੀ ਮਨੋਹਰ ਪਰੀਕਰ ਤੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਆਪੋ-ਆਪਣੀ ਜਿੱਤ ਦਰਜ ਕੀਤੀ ਹੈ ਪਰ ਇਹ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਹਿਸਾਬ ਨਾਲ ਕੋਈ ਬਹੁਤੀ ਸੰਤੋਸ਼ਜਨਕ ਜਿੱਤ ਨਹੀਂ।

ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿਧਾਨ ਸਭਾ ਹਲਕੇ ਬਵਾਨਾ ਤੋਂ ਸਾਬਕਾ ਵਿਧਾਇਕ ਵੇਦ ਪ੍ਰਕਾਸ਼ ਦਿੱਲੀ ਨਿਗਮ ਚੋਣਾਂ ਸਮੇਂ ਵਿਧਾਨ ਸਭਾ ਤਿਆਗ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ, ਜਿਸ ਕਾਰਨ ਜ਼ਿਮਨੀ ਚੋਣ ਕਰਵਾਉਣੀ ਪਈ ਸੀ। ਨਿਗਮ ਚੋਣਾਂ ਵਿੱਚ ਆਪਣੇ ਪ੍ਰਦਰਸ਼ਨ ਤੋਂ ਖੁਸ਼ ਭਾਜਪਾ ਇਸ ਜ਼ਿਮਨੀ ਚੋਣ ਮੌਕੇ ਜਿੱਤ ਲਈ ਆਤਮ-ਵਿਸ਼ਵਾਸ ਨਾਲ ਭਰਪੂਰ ਸੀ ਪਰ ਨਤੀਜੇ ਉਲਟ ਹੀ ਆਏ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਚੜ੍ਹਤ ਇੱਕ ਵਾਰ ਫਿਰ ਤੋਂ ਬਣ ਗਈ ਹੈ।

'ਆਪ' ਦੇ ਰਾਮ ਚੰਦਰ ਨੂੰ ਇਸ ਚੋਣ ਵਿੱਚ 59,886 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਵੇਦ ਪ੍ਰਕਾਸ਼ ਜੋ ਪਹਿਲਾਂ 'ਆਪ' ਦੇ ਹੀ ਵਿਧਾਇਕ ਸਨ ਜੋ ਹੁਣ ਭਾਜਪਾ ਵੱਲੋਂ ਚੋਣ ਲੜ ਰਹੇ ਸਨ, ਨੂੰ 35,834 ਵੋਟਾਂ ਪਈਆਂ। ਇਸ ਤੋਂ ਇਲਾਵਾ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੁਮਾਰ 31,919 ਵੋਟਾਂ ਪ੍ਰਾਪਤ ਕੀਤੀਆਂ।

ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿੱਚ ਸੱਤਾਧਾਰੀ ਧਿਰ ਤੇਲਗੂ ਦੇਸ਼ਮ ਪਾਰਟੀ ਦੀ ਤਾਕਤ ਵਧ ਗਈ ਹੈ। ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਅਗਵਾਈ ਵਾਲੀ ਟੀ.ਡੀ.ਪੀ. ਦੇ ਉਮੀਦਵਾਰ ਭੂਮਾ ਬ੍ਰਹਮਨੰਦਾ ਰੈੱਡੀ ਨੇ ਵਾਈ.ਐਸ.ਆਰ. ਕਾਂਗਰਸ ਦੇ ਸ਼ਿਲਪਾ ਚੰਦਰ ਮੋਹਨ ਰੈੱਡੀ ਨੂੰ ਲਗਪਗ 27,000 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਉੱਥੇ ਗੋਆ ਵਿੱਚ ਭਾਜਪਾ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਵਿਧਾਨ ਸਭਾ ਵਿੱਚ ਆਪਣੇ 40 ਵਿਧਾਇਕਾਂ ਨੂੰ ਸਫ਼ਲਤਾਪੂਰਬਕ ਦਾਖ਼ਲਾ ਦਵਾ ਲਿਆ ਹੈ। ਇੱਥੇ ਮੁੱਖ ਮੰਤਰੀ ਮਨੋਹਰ ਪਰੀਕਰ ਨੇ ਕਾਂਗਰਸੀ ਉਮੀਦਵਾਰ ਗਿਰੀਸ਼ ਚੰਡੋਕਰ ਨੂੰ 4,803 ਵੋਟਾਂ ਨਾਲ ਆਪਣੀ ਜਿੱਤ ਦਰਜ ਕੀਤੀ।

ਦੱਸਣਾ ਬਣਦਾ ਹੈ ਕਿ ਗੋਆ ਵਿੱਚ ਬੀਜੇਪੀ ਦੀ ਸਕਰਾਰ ਬਣਾਉਣ ਲਈ ਤਤਕਾਲੀ ਕੇਂਦਰੀ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ 12 ਮਾਰਚ 2017 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਗੋਆ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਲਈ ਸੀ।