ਆਸਨਗਾਓਂ: ਨਾਗਪੁਰ ਮੁੰਬਈ ਦੁਰੰਤੋ ਐਕਸਪ੍ਰੈਸ ਦੇ ਇੰਜਣ ਸਮੇਤ ਕੁੱਲ ਛੇ ਡੱਬੇ ਰੇਲ ਲਾਈਨ ਤੋਂ ਲੱਥ ਜਾਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਆਸਨਗਾਓਂ ਸਟੇਸ਼ਨ ਨੇੜੇ ਅੱਜ ਸਵੇਰੇ 6:35 ਵਜੇ ਵਾਪਰਿਆ। ਹਾਲਾਂਕਿ ਹਾਲੇ ਤੱਕ ਹਾਦਸੇ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਪਰ ਰੇਲਵੇ ਦਾ ਕਿੰਨਾ ਮਾਲੀ ਨੁਕਸਾਨ ਹੋ ਗਿਆ ਹੈ, ਇਸ ਦਾ ਅੰਦਾਜ਼ਾ ਹਾਲੇ ਲਾਇਆ ਜਾਣਾ ਹੈ।

ਕੇਂਦਰੀ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਸੁਨੀਲ ਉਦਾਸੀ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਦੁਰਘਟਨਾ ਰਾਹਤ ਰੇਲ, ਬਚਾਅ ਕਰਮੀਆਂ ਤੇ ਇੰਜਨੀਅਰਿੰਗ ਅਮਲੇ ਸਮੇਤ ਪਹੁੰਚ ਰਹੀ ਹੈ। ਜਦਕਿ, ਡਾਕਟਰਾਂ ਦੀ ਟੀਮ ਘਟਨਾ ਸਥਾਨ 'ਤੇ ਪਹੁੰਚ ਗਈ ਹੈ। ਇਸ ਦੁਰਘਟਨਾ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਦੇਸ਼ ਵਿੱਚ ਬੀਤੇ 10 ਦਿਨਾਂ ਦੌਰਾਨ ਤੀਜਾ ਰੇਲ ਹਾਦਸਾ ਹੈ। ਬੀਤੀ 19 ਅਗਸਤ ਨੂੰ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਉਤਕਲ ਐਕਸਪ੍ਰੈਸ ਦੇ ਲੀਹੋਂ ਲੱਥ ਜਾਣ ਕਾਰਨ 23 ਲੋਕਾਂ ਦੀ ਮੌਤ ਹੋ ਗਈ ਸੀ ਤੇ 60 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ 25 ਅਗਸਤ ਨੂੰ ਮੁੰਬਈ ਦੀ ਇੱਕ ਲੋਕਲ ਟ੍ਰੇਨ ਦੀਆਂ ਕੁਝ ਬੋਗੀਆਂ ਲੀਹੋਂ ਉੱਤਰ ਗਈਆਂ ਸਨ, ਜਿਸ ਵਿੱਚ ਛੇ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੀ।

ਮੁਜ਼ੱਫਰਨਗਰ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਰੇਲ ਮੰਤਰੀ ਸੁਰੇਸ਼ ਪ੍ਰਭੂ ਦੀ ਬਹੁਤ ਆਲੋਚਨਾ ਹੋ ਰਹੀ ਸੀ, ਕਿਉਂਕਿ ਉਨ੍ਹਾਂ ਦੇ ਰੇਲ ਮੰਤਰੀ ਬਣਨ ਤੋਂ ਬਾਅਦ 8 ਵੱਡੇ ਰੇਲ ਹਾਦਸੇ ਵਾਪਰੇ ਸਨ। ਇਸ ਕਾਰਨ ਉਤਕਲ ਐਕਸਪ੍ਰੈਸ ਦੇ ਦੁਰਘਟਨਾਗ੍ਰਸਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੀ ਨੈਤਿਕਤਾ ਵੀ ਜਾਗ ਪਈ ਤੇ ਉਨ੍ਹਾਂ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਇਸ ਅਸਤੀਫੇ 'ਤੇ ਕੋਈ ਕਾਰਵਾਈ ਨਹੀਂ ਹੋਈ ਤੇ ਪ੍ਰਧਾਨ ਮੰਤਰੀ ਨੇ ਇਸ ਨੂੰ ਪ੍ਰਵਾਨ ਨਾ ਕਰ ਕੇ ਵਿਚਾਰ ਅਧੀਨ ਰੱਖਿਆ ਹੈ। ਸ਼ਾਇਦ ਮੋਦੀ ਨੂੰ ਪ੍ਰਭੂ ਤੋਂ ਇਲਾਵਾ ਕੋਈ ਹੋਰ ਵਿਅਕਤੀ ਭਾਰਤੀ ਰੇਲ ਚਲਾਉਣ ਦੇ ਸਮਰੱਥ ਨਹੀਂ ਜਾਪਦਾ।