ਚੰਡੀਗੜ੍ਹ: ਸੀਬੀਐਸਈ ਬੋਰਡ ਨੇ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨੇ। ਇਸ ਇਮਤਿਹਾਨ ਵਿੱਚ ਤਕਰੀਬਨ 11,84,386 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ 9,18,763  ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ। ਵੇਖਣ ਵਿੱਚ ਆਇਆ ਹੈ ਕਿ ਇਸ ਸਾਲ 91,818, ਯਾਨੀ 8.3 ਫ਼ੀਸਦੀ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਜਿਨ੍ਹਾਂ ਨੂੰ ਫੇਲ੍ਹ ਹੋਣ ਵਾਲੇ ਵਿਸ਼ਿਆਂ ਵਿੱਚੋਂ ਪਾਸ ਹੋਣ ਲਈ ਦੁਬਾਰਾ ਇਮਤਿਹਾਨ ਦੇਣਾ ਪਵੇਗਾ।   ਇਸ ਸਾਲ ਸੀਬੀਐਸਈ ਨੇ 83.01 ਫ਼ੀਸਦੀ ਨਤੀਜਾ ਰਿਕਾਰਡ ਕੀਤਾ। ਪਿਛਲੇ ਸਾਲ (82.02 ਫ਼ੀਸਦੀ) ਦੇ ਮੁਕਾਬਲੇ ਇਸ ਸਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਵਿੱਚ ਇੱਕ ਫੀਸਦੀ ਵਾਧਾ ਹੋਇਆ ਹੈ।   ਇਸ ਪ੍ਰੀਖਿਆ ਵਿੱਚ ਨੋਇਡਾ ਦੀ ਆਰਟਸ ਦੀ ਵਿਦਿਆਰਥਣ ਮੇਘਨਾ ਸ੍ਰੀਵਾਸਤਵ ਨੇ 500 ਵਿੱਚੋਂ 499 ਅੰਕ ਹਾਸਲ ਕਰ ਕੇ ਵਧੀਆ ਪ੍ਰਦਰਸ਼ਨ ਪੂਰੇ ਦੇਸ਼ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਵਿਸ਼ੇ ਦੀ ਗਾਜ਼ੀਆਬਾਦ ਦੀ ਅਨੁਸ਼ਕਾ ਚੰਦ ਨੇ 500 ਵਿੱਚੋਂ 498 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਤੀਜੇ ਸਥਾਨ ’ਤੇ ਇੱਕ ਨਹੀਂ, ਦੋ ਵੀ ਨਹੀਂ, ਬਲਕਿ ਕੁੱਲ ਛੇ ਵਿਦਿਆਰਥਣਾਂ (500 'ਚੋਂ 497 ਅੰਕ) ਨੇ ਕਬਜ਼ਾ ਕੀਤਾ। ਇਨ੍ਹਾਂ ਵਿੱਚੋਂ ਇੱਕ ਵਿਦਆਰਥਣ ਲੁਧਿਆਣਾ ਦੀ ਆਸਥਾ ਬਾਂਬਾ ਵੀ ਸ਼ਾਮਲ ਹੈ।   ਓਵਰਆਲ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਪਾਸ ਹੋਣ ਵਾਲੇ ਵਿਦਿਆਰਥੀਆਂ ਵਿੱਚ ਜ਼ਿਆਦਾਤਰ ਕੁੜਾਆਂ ਸ਼ਾਮਲ ਹਨ। ਪਾਸ ਹੋਣ ਵਾਲੇ ਵਿਦਿਆਰਥੀਆਂ ਵਿੱਚ ਕੁੜੀਆਂ ਦੀ ਪ੍ਰਤੀਸ਼ਤ 88.30 ਫ਼ੀਸਦੀ ਜਦਕਿ ਮੁੰਡਿਆਂ ਦੀ 78.99 ਫ਼ੀਸਦੀ ਰਹੀ।