ਨਵੀਂ ਦਿੱਲੀ: ਸੈਕੰਡਰੀ ਵਿੱਦਿਆ ਦਾ ਕੇਂਦਰੀ ਬੋਰਡ (ਸੀ.ਬੀ.ਐਸ.ਈ.) ਨੇ ਬਾਰ੍ਹਵੀਂ ਜਮਾਤ ਦੇ ਲੀਕ ਹੋਏ ਅਰਥ ਸ਼ਾਸਤਰ ਦਾ ਪੇਪਰ ਮੁੜ ਤੋਂ ਲਏ ਜਾਣ ਲਈ 25 ਅਪ੍ਰੈਲ ਦਾ ਦਿਨ ਤੈਅ। ਜਦਕਿ ਬੋਰਡ ਨੂੰ ਲਗਦਾ ਹੈ ਕਿ ਦਸਵੀਂ ਜਮਾਤ ਦਾ ਪਰਚਾ ਪੂਰੇ ਦੇਸ਼ ਵਿੱਚ ਮੁੜ ਤੋਂ ਲੈਣ ਦੀ ਜ਼ਰੂਰਤ ਨਹੀਂ। ਸਿੱਖਿਆ ਸਕੱਤਰ ਅਨਿਲ ਸਵਰੂਪ ਨੇ ਪੱਤਰਕਾਰ ਸੰਮੇਲਨ ਵਿੱਚ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਦਸਵੀਂ ਦਾ ਗਣਿਤ ਦਾ ਪਰਚਾ, ਲੋੜ ਪੈਣ 'ਤੇ ਦਿੱਲੀ ਤੇ ਹਰਿਆਣਾ ਵਿੱਚ ਹੀ ਮੁੜ ਲਿਆ ਜਾਵੇਗਾ ਕਿਉਂਕਿ ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਪੇਪਰ ਦਿੱਲੀ-ਹਰਿਆਣਾ ਵਿੱਚ ਹੀ ਲੀਕ ਹੋਇਆ ਸੀ। ਜੇ ਇਮਤਿਹਾਨ ਕਰਾਉਣਾ ਪਿਆ ਤਾਂ ਉਸ ਬਾਰੇ ਅਗਲੇ 15 ਦਿਨਾਂ ਦੌਰਾਨ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਪਰਚਾ ਲੀਕ ਹੋਣ ਦੀ ਕੋਈ ਸੂਚਨਾ ਨਹੀਂ ਹੈ ਇਸ ਲਈ ਉੱਥੇ ਮੁੜ ਪਰਚਾ ਨਹੀਂ ਲਿਆ ਜਾਵੇਗਾ ਤੇ ਭਾਰਤ ਤੋਂ ਬਾਹਰ ਗਣਿਤ ਦਾ ਪਰਚਾ ਇੱਥੋਂ ਨਾਲੋਂ ਵੱਖਰਾ ਸੀ। ਸੀ.ਬੀ.ਐਸ.ਈ. ਨੇ ਦਿੱਲੀ ਪੁਲੀਸ ਦੀ ਅਪਰਾਧ ਸਾਖ਼ਾ ਨੂੰ ਦੋਵੇਂ ਪਰਚਿਆਂ ਦੇ ਇਮਤਿਹਾਨ ਕੇਂਦਰਾਂ ਦੇ ਵੇਰਵੇ ਦਿੱਤੇ ਹਨ ਜਿਨ੍ਹਾਂ ਵਿੱਚ ਕੇਂਦਰਾਂ ਦੇ ਸੁਪਰਡੈਂਟ ਤੇ ਪਰਚੇ ਰੱਖਣ ਵਾਲੀਆਂ ਬੈਂਕਾਂ ਦੇ ਵੇਰਵੇ ਮੰਗੇ ਸਨ ਜਿਨ੍ਹਾਂ ਵਿੱਚ ਦਿੱਲੀ ਤੇ ਹਰਿਆਣਾ ਦੇ ਕੇਂਦਰ ਸ਼ਾਮਲ ਹਨ। ਦਿੱਲੀ ਪੁਲੀਸ ਨੇ ਕੌਮਾਂਤਰੀ ਸਰਚ ਇੰਜਣ ਗੂਗਲ ਤੋਂ ਉਸ ਈ-ਮੇਲ ਪਤੇ ਦੀ ਜਾਣਕਾਰੀ ਮੰਗੀ ਹੈ ਜਿੱਥੋਂ ਸੀ.ਬੀ.ਐਸ.ਈ. ਦੀ ਮੁਖੀ ਨੂੰ ਦਸਵੀਂ ਦੇ ਗਣਿਤ ਪਰਚੇ ਦਾ ਹੱਥ ਉਤਾਰਾ 12 ਸਫ਼ਿਆਂ ਦੀ ਈ-ਮੇਲ ਰਾਹੀਂ ਭੇਜ ਕੇ ਪੇਪਰ ਲੀਕ ਹੋਣ ਬਾਰੇ ਦੱਸਿਆ ਗਿਆ ਸੀ। ਇਹੀ ਹੱਥ ਲਿਖਤ ਵ੍ਹੱਟਸਐਪ ਦੇ ਵੱਖ-ਵੱਖ ਗਰੁੱਪਾਂ ਵਿੱਚ ਅੱਗੇ ਤੋਂ ਅੱਗੇ ਭੇਜੀ ਗਈ ਸੀ। ਸੂਤਰਾਂ ਮੁਤਾਬਕ ਅਰਥ ਸ਼ਾਸਤਰ ਤੇ ਗਣਿਤ ਦਾ ਪਰਚਾ ਕਰੀਬ 10 ਵ੍ਹੱਟਸਐਪ ਗਰੁੱਪਾਂ (50-60 ਮੈਂਬਰਾਂ ਵਾਲੇ) ਉੱਪਰ ਭੇਜਿਆ ਗਿਆ ਸੀ। ਪੁਲੀਸ ਦੀ ਨਜ਼ਰ ਹੁਣ ਇਨ੍ਹਾਂ ਦੇ ਗਰੁੱਪ ਪ੍ਰਬੰਧਕਾਂ ਤੇ 4 ਫੋਨ ਨੰਬਰਾਂ ਉੱਪਰ ਟਿਕੀ ਹੈ ਤੇ ਸੀ.ਬੀ.ਐਸ.ਈ. ਨੇ ਇਹੀ ਨੰਬਰ ਦਿੱਲੀ ਪੁਲੀਸ ਨੂੰ ਦਿੱਤੇ ਸਨ। 18 ਵਿਦਿਆਰਥੀ, ਗਰੁੱਪ ਪ੍ਰਬੰਧਕ ਸਣੇ ਕੁੱਲ 45 ਲੋਕਾਂ ਤੋਂ ਅਪਰਾਧ ਸਾਖ਼ਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ, ਐਨ.ਐਸ.ਯੂ.ਆਈ. ਨੇ ਪੇਪਰ ਲੀਕ ਕਾਂਡ ਸਬੰਧੀ ਨਵੀਂ ਦਿੱਲੀ ਵਿੱਚ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਦੀ ਸਰਕਾਰੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕਰ ਕੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੇਪਰ ਲੀਕ ਕਾਂਡ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਉਹ (ਮੋਦੀ) ਆਪਣੀ ਕਿਤਾਬ ‘ਐਗਜ਼ਾਮ ਵਾਰੀਅਰਜ਼’ ਦੇ ਅਗਲੇ ਅੰਕ ਵਿੱਚ ਵਿਦਿਆਰਥੀਆਂ ਨੂੰ ਪੇਪਰ ਲੀਕ ਦੇ ਖਿਲਵਾੜ ਦੇ ਤਣਾਅ ਤੋਂ ਬਚਣ ਦੇ ਗੁਰ ਦੱਸਣਗੇ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਕਿਹਾ ਹੈ ਕਿ ਉਹ ਸੂਬਿਆਂ ਦੇ ਸਿੱਖਿਆ ਮੰਤਰੀਆਂ ਦੀ ਬੈਠਕ ਬੁਲਾਉਣ ਤਾਂ ਜੋ ਇਸ ਤਰ੍ਹਾਂ ਦੇ ਗੰਭੀਰ ਮਾਮਲਿਆਂ ਨੂੰ ਰੋਕਣ ਦੇ ਹੱਲ ਲੱਣ 'ਤੇ ਵਿਚਾਰ ਹੋ ਸਕੇ। ਪੇਪਰ ਲੀਕ ਕਾਂਡ ਨੂੰ ਫੈਲੇ ਵਿਆਪਕ ਰੋਸ ਦੇ ਮੱਦੇਨਜ਼ਰ ਆਲ ਇੰਡੀਆ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਅਗਰਵਾਲ ਨੇ ਮਾਮਲੇ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਲਈ ਸੋਮਵਾਰ ਨੂੰ ਦਿੱਲੀ ਉੱਚ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇਗੀ। ਪੁਲੀਸ ਨੇ ਅੱਜ ਦਾਅਵਾ ਕੀਤਾ ਹੈ ਝਾਰਖੰਡ ਦੇ ਛਤਰਾ ਵਿੱਚ ਉਨ੍ਹਾਂ ਛੇ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜੋ ਕਥਿਤ ਤੌਰ ’ਤੇ ਸੀ.ਬੀ.ਐਸ.ਈ. ਦੀ ਦਸਵੀਂ ਕਲਾਸ ਦੇ ਲੀਕ ਹੋਏ ਗਣਿਤ ਦਾ ਪੇਪਰ ਲੈ ਕੇ ਪ੍ਰੀਖਿਆ ਕੇਂਦਰਾਂ ਵਿੱਚ ਗਏ ਸਨ। ਛਤਰਾ ਦੇ ਐਸ.ਡੀ.ਪੀ.ਓ. ਗਿਆਨ ਰੰਜਨ ਨੇ ਇਹ ਛੇ ਵਿਦਿਆਰਥੀ 28 ਮਾਰਚ ਨੂੰ ਹੱਲ ਕੀਤੇ ਹੋਏ ਪੇਪਰ ਲੈ ਕੇ ਪ੍ਰੀਖਿਆ ਕੇਂਦਰ ਵਿੱਚ ਬੈਠੇ ਮਿਲੇ ਸਨ। ਇੱਕ ਵਿਦਿਆਰਥੀ ਨੇ ਦੱਸਿਆ ਕਿ ਇਹ ਪੇਪਰ ਉਸ ਨੂੰ ਪਟਨਾ ਤੋਂ ਮਿਲਿਆ ਸੀ ਜਿਸ ਤੋਂ ਬਾਅਦ ਇਕ ਪੁਲੀਸ ਟੀਮ ਉੱਥੇ ਭੇਜੀ ਗਈ ਹੈ।