ਸਿਹਤ ਮੰਤਰੀ 'ਤੇ ਹਮਲਾ, ਇੱਟ ਕਾਰ ਨੂੰ ਵੱਜੀ
ਏਬੀਪੀ ਸਾਂਝਾ | 30 Mar 2018 06:25 PM (IST)
ਕੁਰਕਸ਼ੇਤਰ: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਦੀ ਗੱਡੀ ਉੱਪਰ ਹਮਲਾ ਹੋਇਆ ਹੈ। ਪਾਣੀਪਤ 'ਚ ਬੈਠਕ ਖਤਮ ਹੋਣ ਤੋਂ ਬਾਅਦ ਦੋ ਨੌਜਵਾਨਾਂ ਨੇ ਵਿੱਜ ਦੀ ਗੱਡੀ 'ਤੇ ਇੱਟ ਮਾਰੀ। ਹਾਲਾਂਕਿ ਮੰਤਰੀ ਦਾ ਇਸ ਹਮਲੇ 'ਚ ਬਚਾਅ ਰਿਹਾ ਪਰ ਉਨ੍ਹਾਂ ਦੀ ਗੱਡੀ ਦਾ ਅਗਲਾ ਸ਼ੀਸ਼ਾ ਤਿੜਕ ਗਿਆ। ਮੌਕੇ 'ਤੇ ਮੌਜੂਦ ਪੁਲਿਸ ਨੇ ਹਮਲਾਵਰਾਂ ਨੂੰ ਹਿਰਾਸਤ 'ਚ ਲਿਆ ਤੇ ਪੁੱਛਗਿੱਛ ਕੀਤੀ। ਹਮਲਾ ਹੋਣ ਮਗਰੋਂ ਮੰਤਰੀ ਅਨਿਲ ਵਿਜ ਨੇ ਭਾਜਪਾ ਆਗੂਆਂ ਸਮੇਤ ਪੁਲਿਸ ਅਫਸਰਾਂ ਦੀ ਅਲੱਗ ਤੋਂ ਬੈਠਕ ਲਈ। ਮੀਡੀਆ ਨਾਲ ਗੱਲ ਕਰਦੇ ਵਿਜ ਨੇ ਕਿਹਾ ਕਿ ਨੌਜਵਾਨ ਦਾ ਇਹ ਗੁੱਸਾ ਸੁਪਰੀਮ ਕੋਰਟ ਦੇ ਦਲਿਤਾਂ ਬਾਰੇ ਫੈਸਲੇ ਦਾ ਨਤੀਜਾ ਹੈ। ਇਸ ਦੇ ਨਾਲ ਹੀ ਵਿਜ ਨੇ ਪੁਲਿਸ ਸੁਰੱਖਿਆ 'ਚ ਵੀ ਕਮੀ ਦੱਸੀ ਤੇ ਜਾਂਚ ਦੇ ਹੁਕਮ ਦਿੱਤੇ। ਹਮਲਾਵਰਾਂ ਦੀ ਪਛਾਣ ਅਮਿਤ ਤੇ ਦੀਪਕ ਵਜੋਂ ਹੋਈ ਹੈ। ਐਸਪੀ ਰਾਹੁਲ ਸ਼ਰਮਾ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਹਮਲਾਵਰਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਇਸ ਮਾਮਲੇ ਦੀ ਅੱਗੇ ਤਫਤੀਸ਼ ਕੀਤੀ ਜਾਵੇਗੀ।